ਕਿਸਾਨ ਅੰਦੋਲਨ ਦੌਰਾਨ ਦਰਜ ਹੋਏ ਕੇਸ ਲਏ ਜਾ ਰਹੇ ਹਨ ਵਾਪਸ - ਗ੍ਰਹਿ ਮੰਤਰੀ ਵਿੱਜ

ਚੰਡੀਗੜ੍ਹ : ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਅੰਬਾਲਾ ਵਿੱਚ ਭਾਰਤੀ ਕਿਸਾਨ ਯੂਨੀਅਨ (ਚੜੂਨੀ ਗਰੁੱਪ) ਦੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਸਾਨਾਂ ਨੂੰ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਵਿਰੁੱਧ ਦਰਜ ਕੀਤੇ ਗਏ ਜ਼ਿਆਦਾਤਰ ਕੇਸ ਵਾਪਸ ਲੈ ਲਏ ਗਏ ਹਨ, ਜਦਕਿ ਕੁਝ ਕੇਸ ਬਾਕੀ ਹਨ, ਜਿਨ੍ਹਾਂ ਨੂੰ ਵਾਪਸ ਲੈਣ ਦੀ ਪ੍ਰਕਿਰਿਆ ਚੱਲ ਰਹੀ ਹੈ। ਵਿਜ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਉਨ੍ਹਾਂ 'ਤੇ ਭਰੋਸਾ ਰੱਖਣ ਅਤੇ ਕਿਸਾਨਾਂ ਦੇ ਹਿੱਤ 'ਚ ਕਾਰਵਾਈ ਕੀਤੀ ਜਾਵੇਗੀ। ਵਿਜ ਨੇ ਦੱਸਿਆ ਕਿ ਰੇਲਵੇ ਨਾਲ ਸਬੰਧਤ ਕੁਝ ਹੋਰ ਮਾਮਲੇ ਹਨ ਜੋ ਵਾਪਸ ਲਏ ਜਾਣ ਦੀ ਪ੍ਰਕਿਰਿਆ ਵਿੱਚ ਹਨ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਲਕੀਅਤ ਸਿੰਘ, ਬਲਾਕ ਪ੍ਰਧਾਨ ਬਲਜਿੰਦਰ ਸਿੰਘ ਸਫੀਹੜਾ ਸਮੇਤ ਪਿੰਕੀ ਬੈਂਸ, ਜਸਬੀਰ ਮਾਮੂ ਮਾਜਰਾ, ਅਜੈਨ ਸਿੰਘ ਕਪੂਰੀ ਅਤੇ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਅਨਿਲ ਵਿੱਜ ਦੀ ਕਾਰਜਸ਼ੈਲੀ ਨੂੰ ਜਾਣਦੇ ਹਨ ਅਤੇ ਉਹ ਜੋ ਬੋਲਦੇ ਹਨ, ਉਸਨੂੰ ਪੂਰਾ ਕਰਨ ਤੋਂ ਬਾਅਦ ਹੀ ਸਾਹ ਲੈਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਵਿੱਜ ਵੱਲੋਂ ਉਨ੍ਹਾਂ ਨੂੰ ਦਿੱਤਾ ਭਰੋਸਾ ਪੂਰਾ ਕੀਤਾ ਜਾਵੇਗਾ। ਅਹੁਦੇਦਾਰਾਂ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਸਬੰਧੀ ਜਥੇਬੰਦੀ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਦੌਰਾਨ ਵਾਪਰੇ 294 ਕੇਸਾਂ ਵਿੱਚੋਂ 163 ਕੇਸ ਵਾਪਸ ਲੈਣ ਦੀ ਸਰਕਾਰ ਤੋਂ ਮਨਜ਼ੂਰੀ ਮਿਲ ਚੁੱਕੀ ਹੈ। ਇਸੇ ਤਰ੍ਹਾਂ ਅਦਾਲਤ ਨੇ 98 ਕੇਸ ਵਾਪਸ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਰਾਜ ਸਰਕਾਰ ਤੋਂ ਚਾਰ ਕੇਸਾਂ ਦੀ ਮਨਜ਼ੂਰੀ ਆਉਣੀ ਬਾਕੀ ਹੈ ਅਤੇ ਤਿੰਨ ਕੇਸ ਜ਼ਿਲ੍ਹਾ ਸੋਨੀਪਤ ਅਦਾਲਤ ਵਿੱਚ ਸਟੇਅ ’ਤੇ ਹਨ ਅਤੇ ਇੱਕ ਕੇਸ ਪਲਵਲ ਜ਼ਿਲ੍ਹੇ ਵਿੱਚ ਅਣਪਛਾਤਾ ਹੈ, ਜਿਸ ਦੀ ਪ੍ਰਵਾਨਗੀ ਲਈ ਜਾਵੇਗੀ। ਇਸੇ ਤਰ੍ਹਾਂ ਹੋਰ ਕੇਸ ਵਾਪਸ ਲੈਣ ਦੀ ਪ੍ਰਕਿਰਿਆ ਜਾਰੀ ਹੈ। ਵਰਨਣਯੋਗ ਹੈ ਕਿ ਕਿਸਾਨ ਯੂਨੀਅਨ ਨੇ ਪਿਛਲੇ ਦਿਨੀਂ ਇਹ ਸੱਦਾ ਦਿੱਤਾ ਸੀ ਕਿ ਜੇਕਰ ਕਿਸਾਨਾਂ ਖ਼ਿਲਾਫ਼ ਦਰਜ ਕੀਤੇ ਸਾਰੇ ਕੇਸ ਵਾਪਸ ਨਾ ਲਏ ਗਏ ਤਾਂ 24 ਨਵੰਬਰ ਨੂੰ ਰੇਲਵੇ ਟਰੈਕ ਜਾਮ ਕੀਤਾ ਜਾਵੇਗਾ। ਇਸ ਮੌਕੇ ਛਾਉਣੀ ਦੇ ਡੀਐਸਪੀ ਰਾਮ ਕੁਮਾਰ ਤੇ ਹੋਰ ਹਾਜ਼ਰ ਸਨ।