ਦੇਵਰੀਆ ‘ਚ ਕਾਰ ਅਤੇ ਟਰੱਕ ਦੀ ਹੋਈ ਆਹਮੋ-ਸਾਹਮਣੇ ਟੱਕਰ, ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਮੌਤ

ਦੇਵਰੀਆ, 22 ਮਈ : ਉੱਤਰ ਪ੍ਰਦੇਸ਼ ਦੇ ਦੇਵਰੀਆ ‘ਚ ਕਾਰ ਅਤੇ ਟਰੱਕ ਦੀ ਹੋਈ ਆਹਮੋ-ਸਾਹਮਣੇ ਟੱਕਰ ‘ਚ 5 ਲੋਕਾਂ ਦੀ ਮੌਤ ਅਤੇ 3 ਦੇ ਗੰਭੀਰ ਜਖ਼ਮੀ ਹੋ ਜਾਣ ਦੀ ਖਬਰ ਹੈ। ਮੌਕੇ ਤੇ ਮੌਜ਼ੂਦ ਲੋਕਾਂ ਨੇ ਟਰੱਕ ਚਾਲਕ ਨੂੰ ਕਾਬੂ ਕਰਲਿਆ। ਮਿਲੀ ਜਾਣਕਾਰੀ ਅਨੁਸਾਰ ਐਡਵੋਕੇਟ ਆਨੰਦ ਮਿਸ਼ਰਾ ਵਾਸੀ ਰੁਦਰਪੁਰ ਦਾ ਪਰਿਵਾਰ, ਜੋ ਬਿਹਾਰ ਦੇ ਹਰੀਰਾਮ ਬ੍ਰਹਮਾ ਅਸਥਾਨ, ਮੇਰਵਾ  ਵਿਖੇ ਪੂਜਾ ਕਰਨ ਲਈ ਜਾ ਰਹੇ ਸਨ, ਜਦੋਂ ਉਹ ਮਝੌਲੀਰਾਜ-ਮੇਰਵਾ ਰੋਡ ਤੇ ਪਿੰਡ ਬਹਿਯਾਰੀ ਬਘੇਲ ਪੁੱਜੇ ਤਾਂ ਉਨ੍ਹਾਂ ਦੀ ਕਾਰ ਦਾ ਟਾਇਰ ਫਟ ਗਿਆ, ਜਿਸ ਕਾਰਨ ਕਾਰ ਬੇਕਾਬੂ ਹੋ ਕੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਇੱਕ ਬੱਚੇ ਸਮੇਤ 4 ਔਰਤਾਂ ਦੀ ਮੌਤ ਹੋ ਗਈ, ਮ੍ਰਿਤਕ ਇੱਕੋ ਪਰਿਵਾਰ ਨਾਲ ਸਬੰਧਿਤ ਸਨ। ਮ੍ਰਿਤਕਾਂ ਦੀ ਪਹਿਚਾਣ ਪਰਮਿਲਾ ਦੇਵੀ (50), ਤ੍ਰਿਸੂਲਾ (40), ਗੀਤਾ (45), ਸਿੱਧੀ (35) ਅਤੇ ਰਿਪੂਸੂਦਨ (3) ਵਜੋਂ ਹੋਈ ਹੈ। ਦਿਵੇਸ਼, ਅਨਜਾਨਾ, ਗੁਡੀਆ ਗੰਭੀਰ ਜਖ਼ਮੀ ਹਨ। ਜਖ਼ਮੀਆਂ ਨੂੰ ਮੌਕੇ ਤੇ ਮੌਜ਼ੂਦ ਲੋਕਾਂ ਨੇ ਇਲਾਜ ਲਈ ਇੱਕ ਹਸਪਤਾਲ ‘ਚ ਭਰਤੀ ਕਰਵਾਇਆ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।