'ਬੁਲਡੋਜ਼ਰ ਨੀਤੀ' ਭਾਜਪਾ ਸਰਕਾਰ ਦੀ ਬੇਰਹਿਮੀ ਦਾ ਚਿਹਰਾ ਬਣ ਗਈ ਹੈ : ਰਾਹੁਲ ਗਾਂਧੀ

ਨਵੀਂ ਦਿੱਲੀ, 14 ਫਰਵਰੀ :  ਉੱਤਰ ਪ੍ਰਦੇਸ਼ ਵਿਚ ਕਾਨਪੁਰ ਦੇ ਇਕ ਪਿੰਡ ਵਿਚ ਕਬਜ਼ੇ ਹਟਾਉਣ ਦੀ ਮੁਹਿੰਮ ਦੌਰਾਨ ਇਕ ਮਾਂ-ਧੀ ਵੱਲੋਂ ਕਥਿਤ ਤੌਰ 'ਤੇ ਆਤਮ ਹੱਤਿਆ ਕਰਨ ਦੇ ਮਾਮਲੇ ਵਿਚ ਰਾਹੁਲ ਗਾਂਧੀ ਨੇ ਟਵੀਟ ਕੀਤਾ ਹੈ। ਉਹਨਾਂ ਇਲਜ਼ਾਮ ਲਗਾਇਆ ਕਿ 'ਬੁਲਡੋਜ਼ਰ ਨੀਤੀ' ਭਾਜਪਾ ਸਰਕਾਰ ਦੀ ਬੇਰਹਿਮੀ ਦਾ ਚਿਹਰਾ ਬਣ ਗਈ ਹੈ, ਜਿਸ ਨੂੰ ਭਾਰਤ ਵਿਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਕਾਂਗਰਸੀ ਆਗੂ ਨੇ ਟਵੀਟ ਕੀਤਾ, ''ਜਦੋਂ ਸੱਤਾ ਦਾ ਹੰਕਾਰ ਲੋਕਾਂ ਦੇ ਜਿਊਣ ਦਾ ਅਧਿਕਾਰ ਖੋਹ ਲੈਂਦਾ ਹੈ ਤਾਂ ਇਸ ਨੂੰ ਤਾਨਾਸ਼ਾਹੀ ਕਿਹਾ ਜਾਂਦਾ ਹੈ। ਕਾਨਪੁਰ ਦੀ ਘਟਨਾ ਤੋਂ ਮਨ ਦੁਖੀ ਹੈ। ਇਹ 'ਬੁਲਡੋਜ਼ਰ ਨੀਤੀ' ਇਸ ਸਰਕਾਰ ਦੀ ਬੇਰਹਿਮੀ ਦਾ ਚਿਹਰਾ ਬਣ ਗਈ ਹੈ। ਭਾਰਤ ਨੂੰ ਇਹ ਸਵੀਕਾਰ ਨਹੀਂ”। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਬੁਲਡੋਜ਼ਰ 'ਤੇ ਲੱਗਿਆ ਮਨੁੱਖਤਾ ਵਿਰੋਧੀ ਚਸ਼ਮਾ ਮਨੁੱਖਤਾ ਲਈ ਖ਼ਤਰਾ ਬਣ ਗਿਆ ਹੈ। ਉਹਨਾਂ ਇਹ ਵੀ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੇ ਨਾਲ-ਨਾਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਕਾਨਪੁਰ ਦੇਹਾਤ ਜ਼ਿਲ੍ਹੇ ਦੇ ਰੂਰਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਮਦੌਲੀ 'ਚ ਸੋਮਵਾਰ ਸ਼ਾਮ ਨੂੰ ਇਕ ਔਰਤ ਅਤੇ ਉਸ ਦੀ ਬੇਟੀ ਨੇ ਨਾਜਾਇਜ਼ ਕਬਜ਼ੇ ਵਿਰੋਧੀ ਮੁਹਿੰਮ ਦੌਰਾਨ ਆਪਣੀ ਝੌਂਪੜੀ 'ਚ ਕਥਿਤ ਤੌਰ 'ਤੇ ਖੁਦ ਨੂੰ ਅੱਗ ਲਗਾ ਲਈ ਸੀ, ਜਿਸ ਨਾਲ ਦੋਵਾਂ ਦੀ ਮੌਤ ਹੋ ਗਈ ਸੀ।  ਇਕ ਪੁਲਿਸ ਅਧਿਕਾਰੀ ਨੇ ਦੱਸਿਆ ਸੀ ਕਿ ਪੀੜਤਾਂ ਦੀ ਪਛਾਣ ਪ੍ਰਮਿਲਾ ਦੀਕਸ਼ਿਤ (45) ਅਤੇ ਉਸ ਦੀ ਬੇਟੀ ਨੇਹਾ ਦੀਕਸ਼ਿਤ (20) ਵਜੋਂ ਹੋਈ ਹੈ।