ਇੰਡੀਆ ਗਠਜੋੜ ਵੱਲੋਂ ਦੇਸ਼ ਦੇ ਵੱਖ ਵੱਖ ਚੈਨਲਾਂ ਦੇ 14 ਟੀਵੀ ਐਂਕਰਾਂ ਦੇ ਪ੍ਰੋਗਰਾਮਾਂ ਦਾ ਬਾਈਕਾਟ 

ਨਵੀਂ ਦਿੱਲੀ, 15 ਸਤੰਬਰ : 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੀਆਂ 28 ਰਾਜਨੀਤਿਕ ਪਾਰਟੀਆਂ ਵੱਲੋਂ ਇੱਕ ਸਾਂਝਾ ਗਠਜੋੜ ਬਣਾਇਆ ਗਿਆ ਹੈ, ਜਿਸ ਦਾ ਨਾਮ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇੰਕੂਜ਼ਿਵ ਅਲਾਇੰਸ (ਇੰਡੀਆ) ਰੱਖਿਆ ਗਿਆ ਹੈ। ਇੰਡੀਆ ਗਠਜੋੜ ਵੱਲੋਂ ਦੇਸ਼ ਦੇ ਵੱਖ ਵੱਖ ਚੈਨਲਾਂ ਦੇ 14 ਟੀਵੀ ਐਂਕਰਾਂ ਦੇ ਪ੍ਰੋਗਰਾਮਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸਬੰਧੀ ਗਠਜੋੜ ਦੀ ਮੀਡੀਆ ਕਮੇਟੀ ਨੇ ਇਸ ਸਬੰਧੀ ਐਲਾਨ ਕਰਦਿਆਂ ਦੱਸਿਆ ਕਿ ਇਨ੍ਹਾਂ ਟੀਵੀ ਐਂਕਰਾਂ ਦੇ ਪ੍ਰੋਗਰਾਮਾਂ ਵਿਚ ਕਰਵਾਈ ਜਾਂਦੀ ਚਰਚਾ ਵਿਚ ਕੋਈ ਸਿਆਸੀ ਨੁਮਾਇੰਦਾ ਨਹੀਂ ਭੇਜਿਆ ਜਾਵੇਗਾ। ਹਾਲਾਂਕਿ ਇਸ ਫ਼ੈਸਲੇ ’ਤੇ ਭਾਜਪਾ ਪ੍ਰਧਾਨ ਜੈ ਪ੍ਰਕਾਸ਼ ਨੱਡਾ ਨੇ ਇਸ ਫ਼ੈਸਲਾ ਦੇ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਐਮਰਜੈਂਸੀ ਦੇ ਦੌਰ ਵਾਲੀ ਮਾਨਸਿਕਤਾ ਹੈ। ‘ਇੰਡੀਆ’ ਗੱਠਜੋੜ ਦੀ ਮੀਡੀਆ ਕਮੇਟੀ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਫ਼ੈਸਲਾ 13 ਸਤੰਬਰ, 2023 ਦੀ ਤਾਲਮੇਲ ਕਮੇਟੀ ਦੀ ਮੀਟਿੰਗ ਦੇ ਸਾਂਝੇ ਫ਼ੈਸਲੇ ਦੇ ਆਧਾਰ ’ਤੇ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਮੇਟੀ ਨੇ 14 ਟੀਵੀ ਐਂਕਰਾਂ ਦੇ ਨਾਵਾਂ ਵਾਲੀ ਸੂਚੀ ਜਾਰੀ ਕਰ ਦਿੱਤੀ ਹੈ, ਜਿਨ੍ਹਾਂ ਦੇ ਪ੍ਰੋਗਰਾਮਾਂ ਦੇ ਬਾਈਕਾਟ ਦਾ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਹੈ। ‘ਇੰਡੀਆ’ ਗੱਠਜੋੜ ਨੇ ਦੋਸ਼ ਲਾਇਆ ਹੈ ਕਿ ਇਹ 14 ਜਣੇ ਟੀਵੀ ਪੱਤਰਕਾਰੀ ਦੀ ਆੜ ਵਿਚ ਨਾਂਹ-ਪੱਖੀ ਵਿਚਾਰ ਫੈਲਾਉਂਦੇ ਹਨ ਤੇ ਹਿੰਦੂ-ਮੁਸਲਮਾਨਾਂ ਦੇ ਸਬੰਧਾਂ ਵਿਚ ਖਟਾਸ ਪੈਦਾ ਕਰ ਰਹੇ ਹਨ। ਜਿਨ੍ਹਾਂ ਟੀਵੀ ਐਂਕਰਾਂ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ ਦੇ ਨਾਂ ਕ੍ਰਮਵਾਰ ਅਦਿਤੀ ਤਿਆਗੀ, ਅਮਨ ਚੋਪੜਾ, ਅਮੀਸ਼ ਦੇਵਗਣ, ਅਨੰਦ ਨਰਸਿਮਹਨ, ਅਰਨਬ ਗੋਸਵਾਮੀ, ਅਸ਼ੋਕ ਸ੍ਰੀਵਾਸਤਵ, ਚਿਤਰਾ ਤ੍ਰਿਪਾਠੀ, ਗੌਰਵ ਸਾਵੰਤ, ਨਵਿਕਾ ਕੁਮਾਰ, ਪ੍ਰਾਚੀ ਪ੍ਰਾਸ਼ਰ, ਰੂਬਿਕਾ ਲਿਆਕਤ, ਸ਼ਿਵ ਅਰੂੜ, ਸੁਧੀਰ ਚੌਧਰੀ ਤੇ ਸੁਸ਼ਾਂਤ ਸਿਨਹਾ ਹਨ।