ਲਖਨਊ ਵਿੱਚ ਫਲਾਈਓਵਰ ਤੋਂ 30 ਫੁੱਟ ਹੇਠਾਂ ਡਿੱਗੀ ਬੋਲੈਰੋ, ਤਿੰਨ ਨੌਜਵਾਨਾਂ ਦੀ ਮੌਤ

ਲਖਨਊ, 19 ਫਰਵਰੀ : ਲਖਨਊ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਘਟਨਾ ਦੇਰ ਰਾਤ ਇੱਕ ਵਜੇ ਦੀ ਹੈ। ਬੋਲੈਰੋ ਸਵਾਰ ਕੁਝ ਲੋਕ ਅਯੁੱਧਿਆ ਤੋਂ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਅਚਾਨਕ ਬੇਕਾਬੂ ਹੋਈ ਬੋਲੈਰੋ ਰੇਲਿੰਗ ਤੋੜਦੀ ਹੋਈ ਪੋਲੀਟੈਕਨਿਕ ਫਲਾਈਓਵਰ ਤੋਂ 30 ਫੁੱਟ ਹੇਠਾਂ ਜਾ ਡਿੱਗੀ। ਇਸ ਦਰਦਨਾਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਜਦਕਿ ਇੱਕ ਨੌਜਵਾਨ ਗੰਭੀਰ ਜ਼ਖਮੀ ਹੈ। ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਡੀਸੀਪੀ ਉੱਤਰੀ ਕਾਸਿਮ ਅਬਦੀ ਨੇ ਦੱਸਿਆ ਕਿ ਇਸ ਸੜਕ ਹਾਦਸੇ ਦੀ ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ। ਉਨ੍ਹਾਂ ਰਾਹਗੀਰਾਂ ਦੀ ਮਦਦ ਨਾਲ ਬੋਲੈਰੋ ‘ਚੋਂ ਤਿੰਨ ਨੌਜਵਾਨਾਂ ਨੂੰ ਬਾਹਰ ਕੱਢ ਲਿਆ। ਇਸ ਦੇ ਨਾਲ ਹੀ ਚੌਥੇ ਨੌਜਵਾਨ ਨੂੰ ਗੈਸ ਕਟਰ ਨਾਲ ਦਰਵਾਜ਼ਾ ਕੱਟ ਕੇ ਕਾਫੀ ਮੁਸ਼ੱਕਤ ‘ਤੋਂ ਬਾਅਦ ਗੱਡੀ ‘ਤੋਂ ਬਾਹਰ ਕੱਢਿਆ ਗਿਆ। ਇਸ ਮਗਰੋਂ ਸਾਰਿਆਂ ਨੂੰ ਲੋਹੀਆ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਥੇ ਇਲਾਜ ਦੌਰਾਨ 1 ਦੀ ਮੌਤ ਹੋ ਗਈ। ਜਦੋਂ ਕਿ ਤਿੰਨ ਨੌਜਵਾਨਾਂ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਟਰਾਮਾ ਸੈਂਟਰ ਰੈਫਰ ਕਰ ਦਿੱਤਾ। ਜਿੱਥੇ ਦੋ ਹੋਰ ਨੌਜਵਾਨਾਂ ਦੀ ਮੌਤ ਹੋ ਗਈ।ਮ੍ਰਿਤਕਾਂ ਦੀ ਪਛਾਣ ਪ੍ਰਾਂਸ਼ੂ ਸ਼ੁਕਲਾ, ਅਮਿਤ ਕੁਮਾਰ ਅਤੇ ਰਾਜਕੁਮਾਰ ਵਜੋਂ ਹੋਈ ਹੈ। ਜਦਕਿ ਜ਼ਖਮੀ ਦੀ ਪਛਾਣ ਹਰਸ਼ ਸ਼ੁਕਲਾ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਸਾਰੇ ਲੋਕ ਲਖਨਊ ਦੇ ਰਹਿਣ ਵਾਲੇ ਹਨ। ਦੱਸਿਆ ਜਾ ਰਿਹਾ ਹੈ ਕਿ ਘਟਨਾ ਦੇ ਸਮੇਂ ਗੱਡੀ ਦੀ ਰਫਤਾਰ ਬਹੁਤ ਜ਼ਿਆਦਾ ਸੀ। ਜਿਸ ਕਾਰਨ ਡਰਾਈਵਰ ਗੱਡੀ ‘ਤੇ ਕਾਬੂ ਨਾ ਕਰ ਸਕਿਆ ਅਤੇ ਗੱਡੀ ਡਿਵਾਈਡਰ ‘ਤੇ ਚੜ੍ਹ ਗਈ। ਜਿਸ ਤੋਂ ਬਾਅਦ ਇਹ ਹਾਦਸਾ ਵਾਪਰਿਆ। ਬਾਕੀ ਜ਼ਖਮੀ ਹਰਸ਼ ਦੇ ਹੋਸ਼ ਆਉਣ ਤੋਂ ਬਾਅਦ ਹੀ ਇਸ ਹਾਦਸੇ ਦੇ ਸਹੀ ਕਾਰਨ ਦਾ ਪਤਾ ਲੱਗੇਗਾ।