ਸ਼ਿਮਲਾ 'ਚ ਬੇਕਾਬੂ ਹੋ ਕੇ ਬੋਲੈਰੋ ਕੈਂਪਰ ਡੂੰਘੀ ਖੱਡ ਡਿੱਗੀ, ਤਿੰਨ ਲੋਕਾਂ ਦੀ ਮੌਤ 

ਚੌਪਾਲ, 14 ਮਾਰਚ : ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਚੌਪਾਲ 'ਚ ਇਕ ਬੋਲੈਰੋ ਕੈਂਪਰ ਬੇਕਾਬੂ ਹੋ ਕੇ 300 ਮੀਟਰ ਡੂੰਘੀ ਖੱਡ 'ਚ ਡਿੱਗ ਗਿਆ। ਇਸ ਹਾਦਸੇ 'ਚ ਹੰਬਲ ਇਲਾਕੇ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਜ਼ਖ਼ਮੀ ਦਾ ਸਿਵਲ ਹਸਪਤਾਲ ਚੌਪਾਲ ਵਿਖੇ ਇਲਾਜ ਚੱਲ ਰਿਹਾ ਹੈ। ਮ੍ਰਿਤਕਾਂ ਦੀ ਪਛਾਣ ਕਮਲ ਪ੍ਰਕਾਸ਼ ਠਾਕੁਰ (44) ਵਾਸੀ ਡਿਮੋ ਪਿੰਡ, ਦੇਵ ਦੱਤ (32) ਵਾਸੀ ਸਰੇਨ, ਰਾਜੇਸ਼ ਕੁਮਾਰ (22) ਵਾਸੀ ਸਰੇਨ ਵਜੋਂ ਹੋਈ ਹੈ। ਇਸ ਦੌਰਾਨ ਜ਼ਖ਼ਮੀ ਦਿਨੇਸ਼ ਵੀ ਪਿੰਡ ਸਰੇਨ ਦਾ ਰਹਿਣ ਵਾਲਾ ਹੈ। ਕਾਰ ਨੂੰ ਕਮਲ ਪ੍ਰਕਾਸ਼ ਠਾਕੁਰ ਚਲਾ ਰਿਹਾ ਸੀ। ਡਰਾਈਵਰ ਕਮਲ ਸਮੇਤ ਇਕ ਹੋਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਨੇ ਚੌਪਾਲ ਹਸਪਤਾਲ 'ਚ ਦਮ ਤੋੜ ਦਿਤਾ। ਜਾਣਕਾਰੀ ਅਨੁਸਾਰ ਕਮਲ ਪ੍ਰਕਾਸ਼, ਦੇਵ ਦੱਤ, ਰਾਜੇਸ਼ ਅਤੇ ਦਿਨੇਸ਼ ਬੀਤੀ ਰਾਤ ਬੋਲੈਰੋ ਕੈਂਪਰ ਨੰਬਰ ਐਚ.ਪੀ.63-4993 ਵਿੱਚ ਸਵਾਰ ਹੋ ਕੇ ਨੇਰਵਾ ਤੋਂ ਸਰੇਨ ਵੱਲ ਪਰਤ ਰਹੇ ਸਨ। ਸ਼ਾਮ 7:40 ਵਜੇ ਦੇ ਕਰੀਬ ਚੌਪਾਲ ਦੇ ਨਾਲ ਲੱਗਦੇ ਢਾਬੇ 'ਤੇ ਗੱਡੀ ਬੇਕਾਬੂ ਹੋ ਕੇ 300 ਮੀਟਰ ਡੂੰਘੀ ਖੱਡ 'ਚ ਜਾ ਡਿੱਗੀ। ਸਥਾਨਕ ਲੋਕਾਂ ਨੇ ਤੁਰੰਤ ਇਸ ਹਾਦਸੇ ਦੀ ਸੂਚਨਾ ਚੌਪਾਲ ਥਾਣੇ ਨੂੰ ਦਿਤੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਕੁਝ ਹੀ ਸਮੇਂ 'ਚ ਬਚਾਅ ਕਾਰਜ ਸ਼ੁਰੂ ਕਰ ਦਿਤਾ।  ਐਸਐਚਓ ਚੌਪਾਲ ਸ਼ਿਵ ਕੁਮਾਰ ਨੇ ਦੱਸਿਆ ਕਿ ਢਾਬਾ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀਆਂ ਲਾਸ਼ਾਂ ਦਾ ਅੱਜ ਚੌਪਾਲ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ। ਇਸ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।