ਬੰਦਰਗਾਹ 'ਤੇ ਖੜ੍ਹੇ ਜਹਾਜ਼ 'ਚ ਮਿਲੀ ਰੂਸੀ ਇੰਜੀਨੀਅਰ ਦੀ ਲਾਸ਼

ਓਡੀਸ਼ਾ, 3 ਜਨਵਰੀ : ਓਡੀਸ਼ਾ 'ਚ ਰੂਸੀ ਨਾਗਰਿਕਾਂ ਦੀਆਂ ਸ਼ੱਕੀ ਮੌਤਾਂ ਦਾ ਮਾਮਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ।ਅੱਜ ਮੰਗਲਵਾਰ ਨੂੰ ਇਕ ਹੋਰ ਰੂਸੀ ਨਾਗਰਿਕ ਮ੍ਰਿਤਕ ਪਾਇਆ ਗਿਆ। ਸੂਬੇ 'ਚ 15 ਦਿਨਾਂ 'ਚ ਇਸ ਤਰ੍ਹਾਂ ਦੀ ਇਹ ਤੀਜੀ ਘਟਨਾ ਹੈ।ਅੱਜ ਮੰਗਲਵਾਰ ਨੂੰ ਓਡੀਸ਼ਾ ਦੇ ਜਗਤਸਿੰਘਪੁਰ ਜ਼ਿਲੇ 'ਚ ਪਾਰਾਦੀਪ ਬੰਦਰਗਾਹ 'ਤੇ ਖੜ੍ਹੇ ਜਹਾਜ਼ 'ਚ ਇਕ ਰੂਸੀ ਨਾਗਰਿਕ ਦੀ ਲਾਸ਼ ਮਿਲੀ।ਉਸ ਦੀ ਪਛਾਣ ਮਿਲਯਾਕੋਵ ਸਰਗੇਈ ਵਜੋਂ ਹੋਈ ਹੈ। 51 ਸਾਲਾ ਸਰਗੇਈ ‘ਐਮਬੀ ਅਲਦਨਾ’ ਜਹਾਜ਼ ਦਾ ਮੁੱਖ ਇੰਜਨੀਅਰ ਸੀ।ਇਹ ਜਹਾਜ਼ ਬੰਗਲਾਦੇਸ਼ ਦੀ ਚਟਗਾਂਵ ਬੰਦਰਗਾਹ ਤੋਂ ਪਾਰਾਦੀਪ ਦੇ ਰਸਤੇ ਮੁੰਬਈ ਜਾ ਰਿਹਾ ਸੀ। ਸਰਗੇਈ ਅੱਜ ਮੰਗਲਵਾਰ ਸਵੇਰੇ ਕਰੀਬ 4.30 ਵਜੇ ਜਹਾਜ਼ ਦੇ ਚੈਂਬਰ 'ਚ ਮ੍ਰਿਤਕ ਪਾਇਆ ਗਿਆ। ਪਾਰਾਦੀਪ ਪੁਲਸ ਨੇ ਦੱਸਿਆ ਕਿ ਮੌਤ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ ਹੈ। ਪਾਰਾਦੀਪ ਪੋਰਟ ਟਰੱਸਟ ਦੇ ਚੇਅਰਮੈਨ ਪੀ ਐਲ ਹਰਾਨੰਦ ਨੇ ਜਹਾਜ਼ ਵਿਚ ਰੂਸੀ ਇੰਜੀਨੀਅਰ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੱਖਣੀ ਉੜੀਸਾ ਦੇ ਰਾਏਗੜ੍ਹ ਸ਼ਹਿਰ ਵਿੱਚ ਦੋ ਰੂਸੀ ਸੈਲਾਨੀਆਂ ਦੀ ਰਹੱਸਮਈ ਢੰਗ ਨਾਲ ਮੌਤ ਹੋ ਗਈ ਸੀ। ਇਨ੍ਹਾਂ ਵਿੱਚੋਂ ਇੱਕ ਰੂਸੀ ਸੰਸਦ ਮੈਂਬਰ ਪਾਵੇਲ ਐਂਟੋਵ (65) ਅਤੇ ਦੂਜਾ ਉਨ੍ਹਾਂ ਦਾ ਦੋਸਤ ਵਲਾਦੀਮੀਰ ਬਿਦੇਨੋਵ (61) ਸੀ। ਪਾਵੇਲ ਦੀ ਮੌਤ 24 ਦਸੰਬਰ ਅਤੇ ਬਿਦੇਨੋਵ ਦੀ 22 ਦਸੰਬਰ ਨੂੰ ਹੋਈ ਸੀ। ਹੋਟਲ ਦੀ ਤੀਜੀ ਮੰਜ਼ਿਲ ਤੋਂ ਕਥਿਤ ਤੌਰ 'ਤੇ ਡਿੱਗਣ ਨਾਲ ਪਾਵੇਲ ਦੀ ਮੌਤ ਹੋ ਗਈ ਸੀ, ਜਦੋਂ ਕਿ ਉਸ ਦਾ ਦੋਸਤ ਬਿਦੇਨੋਵ ਦੋ ਦਿਨ ਪਹਿਲਾਂ ਉਸੇ ਹੋਟਲ ਦੇ ਕਮਰੇ ਵਿਚ ਮ੍ਰਿਤਕ ਪਾਇਆ ਗਿਆ ਸੀ। ਉੜੀਸਾ ਪੁਲਿਸ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ।