ਸੰਸਦ 'ਚ ਚੀਨ ਦੇ ਮਸਲੇ 'ਤੇ ਘੇਰੀ ਭਾਜਪਾ ਸਰਕਾਰ, ਵਪਾਰ ਬੰਦ ਕਰਕੇ ਆਰਥਿਕ ਝਟਕਾ ਦੇਣਾ ਚਾਹੀਦਾ : ਰਾਘਵ ਚੱਢਾ


- ਏਮਜ਼ 'ਚੋਂ ਡਾਟਾ ਚੋਰੀ, ਸਰਹੱਦ 'ਤੇ ਗਲਵਾਨ ਤੋਂ ਤਵਾਂਗ ਤੱਕ, ਚੀਨ ਹਰ ਪਾਸੇ ਅੱਖ ਦਿਖਾ ਰਿਹਾ ਹੈ, ਭਾਰਤ ਸਰਕਾਰ ਕੀ ਕਰ ਰਹੀ ਹੈ: ਰਾਘਵ ਚੱਢਾ
- ਪਾਰਲੀਮੈਂਟ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਜਾਇਜ਼ ਮੰਗ ਰੱਖਣ 'ਤੇ ਮੇਰਾ ਮਾਈਕ ਬੰਦ ਕਿਉਂ ਕੀਤਾ ਗਿਆ: ਰਾਘਵ ਚੱਢਾ

ਨਵੀਂ ਦਿੱਲੀ, 20 ਦਸੰਬਰ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਚੀਨ ਦੇ ਮਸਲੇ ਨੂੰ ਲੈ ਕੇ ਸੰਸਦ ਵਿੱਚ ਭਾਜਪਾ ਸਰਕਾਰ ਨੂੰ ਘੇਰਿਆ। ਉਨ੍ਹਾਂ ਵੱਲੋਂ ਚੀਨੀ ਫ਼ੌਜ ਵੱਲੋਂ ਭਾਰਤੀ ਸਰਹੱਦ 'ਤੇ ਕੀਤੀ ਜਾਂਦੀ ਲਗਾਤਾਰ ਘੁਸਪੈਠ ਤੋਂ ਲੈ ਕੇ ਏਮਜ਼ 'ਚੋਂ ਹੋਈ ਡਾਟਾ ਚੋਰੀ ਦਾ ਮੁੱਦਾ ਰਾਜ ਸਭਾ ਵਿੱਚ ਉਠਾਇਆ ਗਿਆ। ਸਾਂਸਦ ਰਾਘਵ ਚੱਢਾ ਨੇ, ਮੰਗਲਵਾਰ ਨੂੰ, ਸੰਸਦ ਵਿੱਚ ਕਿਹਾ ਕਿ ਕੁੱਝ ਹੀ ਦਿਨ ਪਹਿਲਾਂ ਏਮਜ਼ ਵਿੱਚ ਇੱਕ ਬਹੁਤ ਵੱਡੀ ਡਾਟਾ ਚੋਰੀ ਦੀ ਘਟਨਾ ਹੋਈ, ਜਿੱਥੇ ਵੱਡੇ ਨੇਤਾਵਾਂ, ਜੱਜਾਂ, ਅਫ਼ਸਰਾਂ ਸਮੇਤ ਬਹੁਤ ਸਾਰੇ ਲੋਕਾਂ ਦੇ ਹੈਲਥ ਰਿਕਾਰਡ ਹਨ। ਇਸ ਮਾਮਲੇ ਦੀ ਐੱਫ ਆਈ ਆਰ ਵਿੱਚ ਦੱਸਿਆ ਗਿਆ ਕਿ ਇਹ ਡਾਟਾ ਬਰੀਚ (ਉਲੰਘਣਾ) ਚੀਨ ਦੁਆਰਾ ਕੀਤੀ ਗਈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਆਏ ਦਿਨ ਗਲਵਾਨ ਤੋਂ ਲੈ ਕੇ ਤਵਾਂਗ ਤੱਕ ਚੀਨ ਦਾ ਦੁਸਾਹਸ ਦੇਖ ਚੁੱਕੇ ਹਾਂ। ਉਨ੍ਹਾਂ ਅੱਗੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਨੇ ਭਾਰਤ ਸਰਕਾਰ ਨੂੰ ਇੱਕ ਬਹੁਤ ਹੀ ਜਾਇਜ਼ ਸਲਾਹ ਦਿੱਤੀ ਸੀ ਕਿ ਭਾਰਤ ਨੂੰ ਚੀਨ ਨਾਲ ਆਪਣਾ ਸਾਰਾ ਵਪਾਰ ਬੰਦ ਕਰਕੇ ਉਨ੍ਹਾਂ ਨੂੰ ਆਰਥਿਕ ਚੋਟ ਦੇਣੀ ਚਾਹੀਦੀ ਹੈ। ਚੱਢਾ ਨੇ ਸਦਨ ਰਾਹੀਂ ਸਵਾਲ ਕੀਤਾ ਕਿ ਭਾਰਤ ਸਰਕਾਰ ਇਸ 'ਤੇ ਕੀ ਕਰ ਰਹੀ ਹੈ। ਸਦਨ ਵਿੱਚ ਆਪਣਾ ਸਵਾਲ ਪੂਰਾ ਨਾ ਕਰਨ ਦੇ ਵਿਰੋਧ 'ਚ ਰਾਘਵ ਚੱਢਾ ਨੇ ਟਵੀਟ ਕਰਦਿਆਂ ਕਿਹਾ ਕਿ ਪਾਰਲੀਮੈਂਟ ਵਿੱਚ ਅਰਵਿੰਦ ਕੇਜਰੀਵਾਲ ਜੀ ਦੀ ਜਾਇਜ਼ ਮੰਗ ਰੱਖਣ 'ਤੇ ਉਨ੍ਹਾਂ ਦਾ ਮਾਈਕ ਬੰਦ ਕਿਉਂ ਕੀਤਾ ਗਿਆ? ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਹਰ ਵਾਰ ਮਜ਼ਬੂਤੀ ਨਾਲ ਸਰਹੱਦ ਤੋਂ ਚੀਨੀ ਫ਼ੌਜ ਨੂੰ ਖਦੇੜ ਦਿੰਦੀ ਹੈ ਅਤੇ ਇਹ ਸਹੀ ਸਮਾਂ ਹੈ ਕਿ ਚੀਨ ਨਾਲ ਵਪਾਰ ਬੰਦ ਕਰਕੇ ਉਨ੍ਹਾਂ ਨੂੰ ਆਰਥਿਕ ਪੱਖੋਂ ਵੀ ਝਟਕਾ ਦਿੱਤਾ ਜਾਵੇ।