ਭਾਜਪਾ, ਕਾਂਗਰਸ ਅਤੇ ਜੇਡੀਐਸ ਨੇ ਬਹੁਤ ਭ੍ਰਿਸ਼ਟਾਚਾਰ ਕੀਤਾ, ਇਹਨਾਂ ਨੂੰ ਬਾਹਰ ਕੱਢੋ : ਭਗਵੰਤ ਮਾਨ

  • ਭ੍ਰਿਸ਼ਟਾਚਾਰ ਖਤਮ ਕਰਨ ਲਈ ਇੱਕ ਵਾਰ ਝਾੜੂ ਚਲਾਉਣਾ ਪਵੇਗਾ- ਭਗਵੰਤ ਮਾਨ
  • ਪੰਜਾਬ ਵਿੱਚ ਅਸੀਂ ਇੱਕ ਸਾਲ ਵਿੱਚ 27000 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਅਤੇ 28000 ਕੱਚੇ ਕਰਮਚਾਰੀ ਪੱਕੇ ਕੀਤੇ-ਮਾਨ

ਕਰਨਾਟਕ, 4 ਮਾਰਚ : ਕਰਨਾਟਕ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕਰਨਾਟਕ ਵਿੱਚ ਭਾਜਪਾ, ਕਾਂਗਰਸ ਅਤੇ ਜੇਡੀਐਸ ਨੇ ਬਹੁਤ ਭ੍ਰਿਸ਼ਟਾਚਾਰ ਕੀਤਾ। ਇਨ੍ਹਾਂ ਲੋਕਾਂ ਨੇ ਜਨਤਾ ਦੇ ਪੈਸੇ ਨਾਲ ਆਪਣੇ ਘਰ ਭਰ ਲਏ ਹਨ। ਉਨ੍ਹਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਇੱਕ ਵਾਰ ਝਾੜੂ ਚਲਾਉਣਾ ਪਵੇਗਾ ਅਤੇ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣਾ ਪਵੇਗਾ। ਵਿਰੋਧੀ ਪਾਰਟੀਆਂ 'ਤੇ ਤਿੱਖੇ ਹਮਲੇ ਕਰਦਿਆਂ ਮਾਨ ਨੇ ਕਿਹਾ ਕਿ ਭਾਜਪਾ, ਕਾਂਗਰਸ ਅਤੇ ਜੇਡੀਐਸ ਸਭ ਚੋਰ ਹਨ, ਇਨ੍ਹਾਂ ਨੂੰ ਸੱਤਾ ਤੋਂ ਬਾਹਰ ਕਰੋ। ਮਾਨ ਨੇ ਆਪਣੀ ਸਰਕਾਰ ਦੇ ਕੰਮਾਂ ਨੂੰ ਗਿਣਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਇੱਕ ਸਾਲ ਦੇ ਅੰਦਰ ਅਸੀਂ 27 ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਹਨ ਅਤੇ 28 ਹਜ਼ਾਰ ਦੇ ਕਰੀਬ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਹੈ। ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਸਕੀਮ ਵੀ ਲਾਗੂ ਕੀਤੀ। ਪੰਜਾਬ ਵਿੱਚ ਅਸੀਂ ਕਿਸਾਨਾਂ ਲਈ ਵੀ ਬਹੁਤ ਕੰਮ ਕੀਤਾ ਹੈ। ਗੰਨਾ ਕਿਸਾਨਾਂ ਦੀ ਸਹੂਲਤ ਲਈ ਅਸੀਂ ਗੰਨੇ ਦੀ ਕੀਮਤ 380 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਹੈ। ਦੂਜੇ ਪਾਸੇ ਪਿਛਲੀਆਂ ਸਰਕਾਰਾਂ ਬਹੁਤ ਘੱਟ ਪੈਸੇ ਦਿੰਦੀਆਂ ਸਨ ਅਤੇ ਸਮੇਂ ਸਿਰ ਭੁਗਤਾਨ ਵੀ ਨਹੀਂ ਸਨ ਕਰਦੀਆਂ। ਉਨ੍ਹਾਂ ਕਿਹਾ ਕਿ ਕਰਨਾਟਕ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਅਤੇ ਨੌਜਵਾਨ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ। ਪਰ ਕਰਨਾਟਕ ਦੀ ਭਾਜਪਾ ਸਰਕਾਰ ਨੂੰ ਉਨ੍ਹਾਂ ਦੀ ਕੋਈ ਪ੍ਰਵਾਹ ਨਹੀਂ ਹੈ। ਮਾਨ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰੇਗੀ।ਅਸੀਂ ਸੂਬੇ 'ਚ ਸਾਫ-ਸੁਥਰੀ ਅਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਲਿਆਵਾਂਗੇ। ਮੁਫ਼ਤ ਬਿਜਲੀ ਦੇਵਾਂਗੇ, ਬੇਰੁਜ਼ਗਾਰੀ ਦੂਰ ਕਰਾਂਗੇ ਅਤੇ ਉਦਯੋਗਾਂ ਦੀ ਸਥਾਪਨਾ ਲਈ ਠੋਸ ਕਦਮ ਚੁੱਕੇ ਜਾਣਗੇ। ਮਾਨ ਨੇ ਕਿਹਾ ਕਿ ਸਾਨੂੰ ਆਪਣੇ ਪੁਰਖਿਆਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦੇਣਾ। ਸਾਡੇ ਪੁਰਖਿਆਂ ਨੇ ਦੇਸ਼ ਦੀ ਆਜ਼ਾਦੀ ਲਈ ਸ਼ਹਾਦਤਾਂ ਦਿੱਤੀਆਂ ਹਨ। ਅਸੀਂ ਇਸ ਆਜ਼ਾਦੀ ਨੂੰ ਇੱਕ ਜਾਂ ਦੋ ਪਰਿਵਾਰਾਂ ਦੇ ਹਵਾਲੇ ਨਹੀਂ ਹੋਣ ਦੇਵਾਂਗੇ। ਇਹ ਦੇਸ਼ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ। ਇਹ 135 ਕਰੋੜ ਲੋਕਾਂ ਦਾ ਦੇਸ਼ ਹੈ।

ਕਰਨਾਟਕ 'ਚ 40 ਫੀਸਦੀ ਕਮਿਸ਼ਨ ਵਾਲੀ ਸਰਕਾਰ : ਅਰਵਿੰਦ ਕੇਜਰੀਵਾਲ
ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕਰਨਾਟਕ ਵਿੱਚ ਸੱਤਾਧਾਰੀ ਭਾਜਪਾ ਨੂੰ ਉਖਾੜ ਸੁੱਟੇਗੀ। ਸੱਤਾਧਾਰੀ ਭਾਜਪਾ 'ਤੇ ਹਮਲਾ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕਰਨਾਟਕ 'ਚ 40 ਫੀਸਦੀ ਕਮਿਸ਼ਨ ਵਾਲੀ ਸਰਕਾਰ ਹੈ।  ਇਸ ਨੂੰ ਸੱਤਾ ਤੋਂ ਬਾਹਰ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਭ ਨੂੰ ਪਤਾ ਹੈ ਕਿ ਅਸੀਂ ਦਿੱਲੀ ਵਿੱਚ ਕਿਹੜੇ-ਕਿਹੜੇ ਕੰਮ ਕੀਤੇ ਹਨ।  ਸਾਡਾ ਉਦੇਸ਼ ਰਾਜ ਵਿੱਚ ਇਮਾਨਦਾਰ ਅਤੇ ਸਾਫ਼-ਸੁਥਰੀ ਸਰਕਾਰ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਕੰਟਰੈਕਟਰਜ਼ ਐਸੋਸੀਏਸ਼ਨ ਦੋ ਸਾਲਾਂ ਤੋਂ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖ ਰਹੀ ਹੈ ਕਿ ਸਾਡੇ ਤੋਂ 40 ਫੀਸਦੀ ਕਮਿਸ਼ਨ ਮੰਗਿਆ ਜਾ ਰਿਹਾ ਹੈ।  ਪਰ ਅੱਜ ਤੱਕ ਮੋਦੀ ਜੀ ਵੱਲੋਂ ਕੋਈ ਜਵਾਬ ਨਹੀਂ ਆਇਆ ਅਤੇ ਨਾ ਹੀ ਕਮਿਸ਼ਨ ਮੰਗਣ ਵਾਲਿਆਂ ਖਿਲਾਫ ਕੋਈ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਰਨਾਟਕ ਵਿੱਚ ਰਿਸ਼ਵਤਖੋਰੀ ਅਤੇ ਕਮਿਸ਼ਨ ਆਪਣੇ ਸਿਖਰ ’ਤੇ ਹੈ। ਅਸੀਂ ਇਸ ਨੂੰ ਰੋਕਾਂਗੇ ਅਤੇ ਕਰਨਾਟਕ ਵਿੱਚ ਇੱਕ ਇਮਾਨਦਾਰ ਸਰਕਾਰ ਸਥਾਪਿਤ ਕਰਾਂਗੇ।