ਭਾਜਪਾ ਆਦਿਵਾਸੀਆਂ ਨੂੰ ‘ਬਨਵਾਸੀ’ ਕਹਿੰਦੀ ਹੈ, ਉਹ ਨਹੀਂ ਚਾਹੁੰਦੀ ਕਿ ਉਹ ਵੱਡੇ ਅਤੇ ਤਰੱਕੀ ਦੇ ਸੁਪਨੇ ਵੇਖਣ : ਰਾਹੁਲ ਗਾਂਧੀ 

ਅੰਬਿਕਾਪੁਰ, 8 ਨਵੰਬਰ : ਛੱਤੀਸਗੜ੍ਹ ਦੇ ਅੰਬਿਕਾਪੁਰ ਹਲਕੇ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਭਾਜਪਾ ’ਤੇ ਆਦਿਵਾਸੀਆਂ ਦੇ ਅਧਿਕਾਰਾਂ ਨੂੰ ਖੋਹਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਆਦਿਵਾਸੀਆਂ ਨੂੰ ‘ਬਨਵਾਸੀ’ ਕਹਿੰਦੀ ਹੈ, ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਹ ਵੱਡੇ ਅਤੇ ਤਰੱਕੀ ਦੇ ਸੁਪਨੇ ਵੇਖਣ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਉਹ ਖ਼ੁਦ ਨੂੰ ਹੋਰ ਪਛੜਾ ਵਰਗ (ਓ.ਬੀ.ਸੀ.) ਦਾ ਵਿਅਕਤੀ ਦਸਦੇ ਹਨ ਪਰ ਜਦੋਂ ਪਛੜੇ ਵਰਗ ਦੀ ਹਮਾਇਤ ਕਰਨ ਦਾ ਸਮਾਂ ਆਉਂਦਾ ਹੈ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਓ.ਬੀ.ਸੀ. ਜਾਤ ਨਹੀਂ ਹੈ। ਉਨ੍ਹਾਂ ਕਿਹਾ, ‘‘ਭਾਜਪਾ ਨੇ ਆਦਿਵਾਸੀਆਂ ਲਈ ਬਨਵਾਸੀ ਸ਼ਬਦ ਦੀ ਵਰਤੋਂ ਕੀਤੀ ਹੈ। ਜੰਗਲ ਨਿਵਾਸੀ ਅਤੇ ਆਦਿਵਾਸੀ ਸ਼ਬਦਾਂ ਵਿਚ ਬਹੁਤ ਫ਼ਰਕ ਹੈ। ਤੁਸੀਂ ਉਹ ਵੀਡੀਉ ਜ਼ਰੂਰ ਵੇਖੀ ਹੋਵੇਗੀ ਜਿਸ ’ਚ ਇਕ ਭਾਜਪਾ ਆਗੂ (ਮੱਧ ਪ੍ਰਦੇਸ਼ ’ਚ) ਇਕ ਆਦਿਵਾਸੀ ਨੌਜਵਾਨ ’ਤੇ ਪਿਸ਼ਾਬ ਕਰਦਾ ਹੈ। ਉਹ ਜਾਨਵਰਾਂ ’ਤੇ ਪਿਸ਼ਾਬ ਨਹੀਂ ਕਰਦੇ ਪਰ ਆਦਿਵਾਸੀਆਂ ਨਾਲ ਅਜਿਹਾ ਕਰਦੇ ਹਨ। ਇਹ ਭਾਜਪਾ ਦੀ ਮਾਨਸਿਕਤਾ ਹੈ।’’ ਗਾਂਧੀ ਨੇ ਅੱਗੇ ਕਿਹਾ, ‘‘ਆਦੀਵਾਸੀ ਸ਼ਬਦ ਦਾ ਡੂੰਘਾ ਅਰਥ ਹੈ। ਇਹ ਸ਼ਬਦ ਪਾਣੀ, ਜੰਗਲ ਅਤੇ ਜ਼ਮੀਨ ਉੱਤੇ ਤੁਹਾਡੇ ਅਧਿਕਾਰਾਂ ਨੂੰ ਦਰਸਾਉਂਦਾ ਹੈ। ਬਨਵਾਸੀ ਦਾ ਅਰਥ ਹੈ ਜੰਗਲ ਵਿਚ ਰਹਿਣ ਵਾਲੇ। ਭਾਜਪਾ ਤੁਹਾਨੂੰ ਜੰਗਲ ਵਾਸੀ ਆਖਦੀ ਹੈ, ਅਸੀਂ ਤੁਹਾਨੂੰ ਆਦਿਵਾਸੀ ਕਹਿੰਦੇ ਹਾਂ। ਭਾਜਪਾ ਤੁਹਾਡੇ ਹੱਕ ਖੋਹ ਰਹੀ ਹੈ, ਅਸੀਂ ਤੁਹਾਨੂੰ ਹੱਕ ਦਿੰਦੇ ਹਾਂ। ਅਸੀਂ ਤੁਹਾਨੂੰ ਗਲੇ ਲਗਾਉਂਦੇ ਹਾਂ, ਭਾਜਪਾ ਨੇਤਾ ਤੁਹਾਡੇ ’ਤੇ ਪਿਸ਼ਾਬ ਕਰਦੇ ਹਨ।’’ ਉਨ੍ਹਾਂ ਕਿਹਾ, ‘‘ਜੰਗਲ ਦਾ ਰਕਬਾ ਘਟ ਰਿਹਾ ਹੈ। ਜਦੋਂ ਅਗਲੇ 15-20 ਸਾਲਾਂ ’ਚ ਜੰਗਲ ਖ਼ਤਮ ਹੋ ਜਾਣਗੇ ਤਾਂ ਬਨਵਾਸੀ ਕਿੱਥੇ ਜਾਣਗੇ? ਕੀ ਉਹ ਸੜਕਾਂ ’ਤੇ ਭੀਖ ਮੰਗਣਗੇ? ਉਹ (ਭਾਜਪਾ) ਤੁਹਾਨੂੰ (ਆਦਿਵਾਸੀਆਂ) ਨੂੰ ਅੰਗਰੇਜ਼ੀ ਨਾ ਸਿੱਖਣ ਲਈ ਕਹਿੰਦੇ ਹਨ ਕਿਉਂਕਿ ਉਹ ਚਾਹੁੰਦੇ ਹਨ ਕਿ ਤੁਸੀਂ ਨਾ ਤਾਂ ਵੱਡੇ ਸੁਪਨੇ ਵੇਖੋ ਅਤੇ ਨਾ ਹੀ ਉਨ੍ਹਾਂ ਨੂੰ ਪੂਰਾ ਕਰੋ।’’