ਮਹਾਰਾਸ਼ਟਰ ਵਿਚ ਪੁਲਿਸ ਦਾ ਵੱਡਾ ਐਨਕਾਊਂਟਰ, ਚਾਰ ਨਕਸਲੀਆਂ ਨੂੰ ਕੀਤਾ ਢੇਰ 

ਗੜ੍ਹਚਿਰੌਲੀ, 19 ਮਾਰਚ : ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ਵਿਚ ਮੰਗਲਵਾਰ ਨੂੰ ਪੁਲਿਸ ਨੇ ਚਾਰ ਨਕਸਲੀਆਂ ਨੂੰ ਮਾਰ ਮੁਕਾਇਆ। ਸਰਕਾਰ ਨੇ ਇਨ੍ਹਾਂ ਚਾਰ ਨਕਸਲੀਆਂ 'ਤੇ 36 ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਸੀ। ਪੁਲਿਸ ਨਾਲ ਮੁਕਾਬਲੇ ਵਿਚ ਚਾਰਾਂ ਦੀ ਮੌਤ ਹੋ ਗਈ। ਪੁਲਸ ਸੁਪਰਡੈਂਟ ਨੀਲੋਤਪਾਲ ਨੇ ਦੱਸਿਆ ਕਿ ਪੁਲਿਸ ਨੂੰ ਸੋਮਵਾਰ ਦੁਪਹਿਰ ਨੂੰ ਸੂਚਨਾ ਮਿਲੀ ਸੀ ਕਿ ਕੁਝ ਨਕਸਲੀ ਗੁਆਂਢੀ ਸੂਬੇ ਤੇਲੰਗਾਨਾ ਤੋਂ ਪ੍ਰਣਹਿਤਾ ਨਦੀ ਪਾਰ ਕਰ ਕੇ ਗੜ੍ਹਚਿਰੌਲੀ 'ਚ ਦਾਖਲ ਹੋਏ ਹਨ, ਜੋ ਆਗਾਮੀ ਲੋਕ ਸਭਾ ਚੋਣਾਂ ਲਈ ਲਾਗੂ ਆਦਰਸ਼ ਚੋਣ ਜ਼ਾਬਤੇ ਦੌਰਾਨ ਵਿਨਾਸ਼ਕਾਰੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਮਕਸਦ ਨਾਲ ਦਾਖਲ ਹੋਏ ਹਨ। ਸੀ-60, ਗੜ੍ਹਚਿਰੌਲੀ ਪੁਲਿਸ ਦੀ ਵਿਸ਼ੇਸ਼ ਲੜਾਕੂ ਇਕਾਈ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਕਵਿੱਕ ਐਕਸ਼ਨ ਟੀਮ ਦੀਆਂ ਕਈ ਟੀਮਾਂ ਨੂੰ ਇਲਾਕੇ ਦੀ ਤਲਾਸ਼ੀ ਲਈ ਭੇਜਿਆ ਗਿਆ। ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਜਦੋਂ ਸੀ-60 ਯੂਨਿਟ ਦੀ ਟੀਮ ਰੇਪਨਪੱਲੀ ਨੇੜੇ ਕੋਲਾਮਰਕਾ ਪਹਾੜੀਆਂ 'ਚ ਤਲਾਸ਼ੀ ਲੈ ਰਹੀ ਸੀ ਤਾਂ ਨਕਸਲੀਆਂ ਨੇ ਉਨ੍ਹਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ 'ਤੇ ਸੁਰੱਖਿਆ ਕਰਮਚਾਰੀਆਂ ਨੇ ਜਵਾਬੀ ਕਾਰਵਾਈ ਕੀਤੀ। ਗੋਲੀਬਾਰੀ ਬੰਦ ਹੋਣ ਤੋਂ ਬਾਅਦ ਖੇਤਰ ਦੀ ਤਲਾਸ਼ੀ ਲਈ ਗਈ ਤੇ ਚਾਰ ਨਕਸਲੀਆਂ ਦੀਆਂ ਲਾਸ਼ਾਂ ਮਿਲੀਆਂ। ਉਨ੍ਹਾਂ 'ਤੇ 36 ਲੱਖ ਰੁਪਏ ਦਾ ਸਮੂਹਿਕ ਨਕਦ ਇਨਾਮ ਰੱਖਿਆ ਹੋਇਆ ਸੀ। ਅਧਿਕਾਰੀ ਨੇ ਦੱਸਿਆ ਕਿ ਇਕ ਏਕੇ-47 ਬੰਦੂਕ, ਇਕ ਕਾਰਬਾਈਨ, ਦੋ ਦੇਸੀ ਪਿਸਤੌਲ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਹੈ।