ਜਿੰਨੀ ਮਰਜੀ ਵਿਗੜੇ ਸਿਹਤ ਭੁੱਖ ਹੜਤਾਲ ਤੋਂ ਨਹੀਂ ਉਠਾਂਗੀ : ਆਤਿਸ਼ੀ 

ਨਵੀਂ ਦਿੱਲੀ 24 ਜੂਨ 2024 : ‘ਆਪ’ ਨੇਤਾ ਅਤੇ ਦਿੱਲੀ ਸਰਕਾਰ ਦੇ ਜਲ ਮੰਤਰੀ ਆਤਿਸ਼ੀ ਦੀ ਭੁੱਖ ਹੜਤਾਲ ਚੌਥੇ ਦਿਨ ਵੀ ਜਾਰੀ ਹੈ। ਉਨ੍ਹਾਂ ਨੇ ਚੌਥੇ ਦਿਨ ਦਿੱਲੀ ਦੇ ਲੋਕਾਂ ਲਈ ਨਵਾਂ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸਿਹਤ ਭਾਵੇਂ ਕਿੰਨੀ ਵੀ ਵਿਗੜ ਜਾਵੇ, ਮੈਂ ਉਦੋਂ ਤੱਕ ਆਪਣਾ ਵਰਤ ਨਹੀਂ ਛੱਡਾਂਗੀ ਜਦੋਂ ਤੱਕ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦਾ ਪਾਣੀ ਨਹੀਂ ਮਿਲ ਜਾਂਦਾ। ਜਲ ਮੰਤਰੀ ਆਤਿਸ਼ੀ ਨੇ ਹਰਿਆਣਾ ਦੀ ਭਾਜਪਾ ਸਰਕਾਰ ‘ਤੇ ਵੱਡਾ ਦੋਸ਼ ਲਾਇਆ ਹੈ। ਆਤਿਸ਼ੀ ਨੇ ਆਪਣੀ ਜਾਰੀ ਕੀਤੀ ਵੀਡੀਓ ਵਿੱਚ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਨੇ ਦਿੱਲੀ ਦੇ ਹੱਕ ਵਿੱਚੋਂ 100 ਐਮਜੀਡੀ ਯਾਨੀ 46 ਕਰੋੜ ਲੀਟਰ ਤੋਂ ਵੱਧ ਪਾਣੀ ਰੋਕ ਦਿੱਤਾ ਹੈ। ਇਸ ਪਾਣੀ ਦੀ ਵਰਤੋਂ ਇੱਕ ਦਿਨ ਵਿੱਚ 28 ਲੱਖ ਤੋਂ ਵੱਧ ਲੋਕ ਕਰਦੇ ਹਨ। ਆਤਿਸ਼ੀ ਦੇ ਡਾਕਟਰਾਂ ਦੇ ਦੱਸਿਆ ਹੈ ਕਿ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਲੈਵਲ ਘੱਟ ਹੈ ਅਤੇ ਕੀਟੋਨ ਲੈਵਲ ਵਧ ਗਿਆ ਹੈ ਅਤੇ ਖਤਰਨਾਕ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਡਾਕਟਰ ਨੇ ਕਿਹਾ ਹੈ ਕਿ ਉਹ ਭੁੱਖ ਹੜਤਾਲ ਛੱਡ ਦੇਣ। ਆਤਿਸ਼ੀ ਨੇ ਕਿਹਾ ਕਿ ਮੇਰਾ ਅਣਮਿੱਥੇ ਸਮੇਂ ਦਾ ਵਰਤ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਹਰਿਆਣਾ ਸਰਕਾਰ ਦਿੱਲੀ ਦੇ ਇਨ੍ਹਾਂ 28 ਲੱਖ ਲੋਕਾਂ ਦੇ ਹੱਕ ਨਹੀਂ ਛੱਡਦੀ। ਮੇਰੀ ਸਿਹਤ ਭਾਵੇਂ ਕਿੰਨੀ ਵੀ ਵਿਗੜ ਜਾਵੇ, ਮੈਂ ਦਿੱਲੀ ਦੇ ਲੋਕਾਂ ਨੂੰ ਉਨ੍ਹਾਂ ਦਾ ਪਾਣੀ ਉਨ੍ਹਾਂ ਨੂੰ ਮੁਹੱਈਆ ਕਰਵਾਵਾਂਗੀ।