ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦੇ ਘਰ 'ਚ ਹਮਲਾਵਰ ਨੇ ਦਾਖਲ ਹੋ ਕੇ ਵਾਹਨਾਂ 'ਤੇ ਕੀਤਾ ਹਮਲਾ

ਨਵੀਂ ਦਿੱਲੀ : ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਦੇ ਘਰ 'ਚ ਇਕ ਹਮਲਾਵਰ ਨੇ ਦਾਖਲ ਹੋ ਕੇ ਘਰ 'ਚ ਰੱਖੇ ਵਾਹਨਾਂ 'ਤੇ ਹਮਲਾ ਕਰ ਦਿੱਤਾ। ਹਮਲਾ ਹੋਣ ਸਮੇਂ ਨਾ ਤਾਂ ਸਵਾਤੀ ਮਾਲੀਵਾਲ ਅਤੇ ਨਾ ਹੀ ਉਨ੍ਹਾਂ ਦੀ ਮਾਂ ਮੌਜੂਦ ਸੀ। ਹਮਲਾਵਰ ਨੇ ਕਾਰ ਦੀ ਬੁਰੀ ਤਰ੍ਹਾਂ ਭੰਨ-ਤੋੜ ਕੀਤੀ ਅਤੇ ਘਰ ਅੰਦਰ ਵੜਨ ਦੀ ਕੋਸ਼ਿਸ਼ ਕੀਤੀ।  ਉਨ੍ਹਾਂ ਨੇ ਕਿਹਾ ਕਿ 'ਕੁਝ ਵੀ ਕਰੋ, ਮੈਂ ਨਹੀਂ ਡਰਾਂਗੀ।' ਹਮਲਾ ਕਰਨ ਵਾਲੇ ਮੁਲਜ਼ਮ ਨੂੰ ਉੱਤਰੀ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਮਾਨਸਿਕ ਰੋਗੀ ਹੈ, ਉਸ ਦਾ ਇਲਾਜ ਚੱਲ ਰਿਹਾ ਹੈ। ਮੁਲਜ਼ਮ ਦੀ ਪਛਾਣ ਸਚਿਨ ਉਮਰ 30 ਸਾਲ ਵਜੋਂ ਹੋਈ ਹੈ। ਮੁਲਜ਼ਮ ਬੁਰਾੜੀ ਦੇ ਡੀਟੀਸੀ ਡਿਪੂ ਵਿੱਚ ਇਲੈਕਟ੍ਰੀਸ਼ੀਅਨ ਵਜੋਂ ਠੇਕੇ ’ਤੇ ਕੰਮ ਕਰਦਾ ਸੀ ਅਤੇ ਬੁਰਾੜੀ ਦੇ ਨੱਥੂਪੁਰਾ ਵਿੱਚ ਪਰਿਵਾਰ ਨਾਲ ਰਹਿੰਦਾ ਸੀ। ਇਸ ਦਾ ਇਲਾਜ ਇਹਬਾਸ ਵਿੱਚ ਦੋ ਮਹੀਨਿਆਂ ਤੋਂ ਚੱਲ ਰਿਹਾ ਹੈ। ਸੋਮਵਾਰ ਸਵੇਰੇ 10.30 ਵਜੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਸਿਵਲ ਲਾਈਨ ਸਥਿਤ ਆਪਣੇ ਘਰ 'ਤੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ। ਇਸ ਦੌਰਾਨ ਉਸ ਨੇ ਘਰ ਦੇ ਬਾਹਰ ਖੜ੍ਹੀਆਂ ਕਾਰਾਂ ਵਿੱਚ ਭੰਨਤੋੜ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਸਵਾਤੀ ਮਾਲੀਵਾਲ ਨੇ ਟਵੀਟ ਕੀਤਾ ਕਿ ਇੱਕ ਹਮਲਾਵਰ ਨੇ ਉਨ੍ਹਾਂ ਦੇ ਘਰ ਵਿੱਚ ਦਾਖਲ ਹੋ ਕੇ ਹਮਲਾ ਕੀਤਾ। ਮਾਲੀਵਾਲ ਅਨੁਸਾਰ ਹਮਲਾਵਰ ਵੱਲੋਂ ਉਸ ਦੀ ਅਤੇ ਉਸ ਦੀ ਮਾਂ ਦੀ ਕਾਰ ਨੂੰ ਵੀ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਗਿਆ। ਇਸ ਮਾਮਲੇ 'ਚ ਅਰਵਿੰਦ ਕੇਜਰੀਵਾਲ ਨੇ ਐੱਲ.ਜੀ. ਵਿਨੈ ਸਕਸੈਨਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਵਿੱਚ ਦਿੱਲੀ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਖਰਾਬ ਹੋ ਗਈ ਹੈ। ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੀ ਸੁਰੱਖਿਅਤ ਨਹੀਂ ਹੈ। ਸ਼ਰੇਆਮ ਕਤਲ ਹੋ ਰਹੇ ਹਨ। ਮੈਨੂੰ ਉਮੀਦ ਹੈ ਕਿ ਐੱਲ.ਜੀ. ਸਾਹਿਬ ਵੀ ਅਮਨ ਕਾਨੂੰਨ ਦੀ ਸਥਿਤੀ ਨੂੰ ਠੀਕ ਕਰਨ ਲਈ ਕੁਝ ਸਮਾਂ ਦੇਣਗੇ।