ਭਾਰਤ ਵਿੱਚ ਫੌਜ ਨੂੰ ਵੀ ਆਤਮਨਿਰਭਰ ਬਣਾਇਆ ਜਾਵੇਗਾ, ਦੇਸ਼ 'ਚ ਹੀ ਬਣਾਏ ਜਾਣਗੇ 300 ਤੋਂ ਵੱਧ ਹਥਿਆਰ : ਪੀਐਮ ਮੋਦੀ 

  • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 71,000 ਕਰਮਚਾਰੀਆਂ ਨੂੰ ਨਵੇਂ ਭਰਤੀ ਕੀਤੇ ਨਿਯੁਕਤੀ ਪੱਤਰ ਵੰਡੇ।

ਨਵੀਂ ਦਿੱਲੀ, 13 ਅਪ੍ਰੈਲ : ਰਾਸ਼ਟਰੀ ਰੋਜ਼ਗਾਰ ਮੇਲੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 71,000 ਕਰਮਚਾਰੀਆਂ ਨੂੰ ਨਵੇਂ ਭਰਤੀ ਕੀਤੇ ਨਿਯੁਕਤੀ ਪੱਤਰ ਵੰਡੇ। ਪ੍ਰਧਾਨ ਮੰਤਰੀ ਨੇ ਵੀਡਿਓ ਕਾਨਫਰੰਸ ਰਾਹੀਂ ਇਸ ਦੌਰਾਨ ਕਰਮਚਾਰੀਆਂ ਨੂੰ ਸੰਬੋਧਨ ਵੀ ਕੀਤਾ। ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੀ ਸਰਕਾਰ ਵਿਕਸਤ ਭਾਰਤ ਦੇ ਵਿਜ਼ਨ ਨੂੰ ਹਾਸਲ ਕਰਨ ਲਈ ਨੌਜਵਾਨਾਂ ਦੀ ਪ੍ਰਤਿਭਾ ਅਤੇ ਊਰਜਾ ਨੂੰ ਸਹੀ ਮੌਕੇ ਦੇਣ ਲਈ ਵਚਨਬੱਧ ਹੈ। ਪੀਐੱਮ ਮੋਦੀ ਨੇ ਅੱਗੇ ਕਿਹਾ ਕਿ ਅੱਜ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾ ਹੈ। ਪੀਐੱਮ ਨੇ ਕਿਹਾ ਕਿ ਕੋਵਿਡ ਤੋਂ ਬਾਅਦ ਪੂਰੀ ਦੁਨੀਆ ਮੰਦੀ ਦਾ ਸਾਹਮਣਾ ਕਰ ਰਹੀ ਹੈ, ਜ਼ਿਆਦਾਤਰ ਦੇਸ਼ਾਂ ਦੀ ਅਰਥਵਿਵਸਥਾ ਲਗਾਤਾਰ ਡਿੱਗ ਰਹੀ ਹੈ, ਫਿਰ ਵੀ ਦੁਨੀਆ ਭਾਰਤ ਨੂੰ ਉਭਰਦੇ ਸਿਤਾਰੇ ਦੇ ਰੂਪ ਵਿੱਚ ਦੇਖ ਰਹੀ ਹੈ। ਇਸ ਦੇ ਨਾਲ ਹੀ ਪੀਐੱਮ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਵਿੱਚ ਫੌਜ ਨੂੰ ਵੀ ਆਤਮਨਿਰਭਰ ਬਣਾਇਆ ਜਾਵੇਗਾ। ਪੀਐਮ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੈਨਾ ਦੇ ਨਾਲ ਮਿਲ ਕੇ 300 ਤੋਂ ਵੱਧ ਅਜਿਹੇ ਉਪਕਰਨਾਂ ਅਤੇ ਹਥਿਆਰਾਂ ਦੀ ਸੂਚੀ ਤਿਆਰ ਕੀਤੀ ਹੈ, ਜੋ ਹੁਣ ਭਾਰਤ ਵਿੱਚ ਹੀ ਬਣੇ ਹੋਣਗੇ ਅਤੇ ਭਾਰਤੀ ਉਦਯੋਗ ਤੋਂ ਹੀ ਖਰੀਦੇ ਜਾਣਗੇ।