‘ਫੌਜੀ ਤੇ ਉਨ੍ਹਾਂ ਦੇ ਪਰਿਵਾਰ ਚੀਨੀ ਮੋਬਾਈਲ ਨਾ ਵਰਤਣ’, ਖੁਫੀਆ ਏਜੰਸੀਆਂ ਨੇ ਕੀਤਾ ਅਲਰਟ

ਨਵੀਂ ਦਿੱਲੀ, 07 ਮਾਰਚ : ਚੀਨ ਦੇ ਨਾਲ ਸਰਹੱਦ LAC 'ਤੇ ਤਣਾਅ ਵਿਚਾਲੇ ਖੁਫੀਆ ਏਜੰਸੀਆਂ ਨੇ ਇੱਕ ਐਡਵਾਈਜ਼ਰੀ ਵਿੱਚ ਕਿਹਾ ਹੈ ਕਿ ਦੇਸ਼ ਦੇ ਫੌਜੀਆਂ ਨੂੰ ਚੀਨੀ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਫੌਜੀਆਂ ਦੇ ਪਰਿਵਾਰ ਵਾਲਿਆਂ ਨੂੰ ਵੀ ਚੀਨੀ ਫੋਨ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਦੇ ਲਈ ਸਾਰੀਆਂ ਰੱਖਿਆ ਯੂਨਿਟਾਂ ਅਤੇ ਫਾਰਮੇਸ਼ਨਾਂ ਨੂੰ ਆਪਣੇ ਕਰਮਚਾਰੀਆਂ ਨੂੰ ਚਿਤਾਵਨੀ ਦੇਣ ਲਈ ਕਿਹਾ ਗਿਆ ਹੈ। ਫੌਜੀ ਖੁਫੀਆ ਏਜੰਸੀਆਂ ਨੇ ਫੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਦੇ ਦੁਸ਼ਮਣ ਦੇਸ਼ ਤੋਂ ਫੋਨ ਨਾ ਖਰੀਦਣ ਅਤੇ ਨਾ ਹੀ ਵਰਤਣ। ਸੂਤਰਾਂ ਨੇ ਦੱਸਿਆ ਕਿ ਇਹ ਐਡਵਾਈਜ਼ਰੀ ਇਸ ਲਈ ਜਾਰੀ ਕੀਤੀ ਗਈ ਹੈ ਕਿਉਂਕਿ ਚੀਨੀ ਕੰਪਨੀਆਂ ਦੇ ਮੋਬਾਈਲ ਫੋਨਾਂ ‘ਚ ਮਾਲਵੇਅਰ ਅਤੇ ਸਪਾਈਵੇਅਰ ਪਾਏ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਪਹਿਲਾਂ ਵੀ ਚੀਨੀ ਮੋਬਾਈਲ ਫੋਨ ਐਪਲੀਕੇਸ਼ਨਾਂ ਵਿਰੁੱਧ ਜਾਸੂਸੀ ਏਜੰਸੀਆਂ ਕਾਫੀ ਸਰਗਰਮ ਰਹੀਆਂ ਹਨ। ਫੌਜੀ ਕਰਮਚਾਰੀਆਂ ਦੇ ਫੋਨਾਂ ਤੋਂ ਕਈ ਚੀਨੀ ਐਪਸ ਨੂੰ ਹਟਾ ਦਿੱਤਾ ਗਿਆ ਸੀ। ਰੱਖਿਆ ਬਲਾਂ ਨੇ ਵੀ ਆਪਣੇ ਉਪਕਰਨਾਂ ‘ਤੇ ਚੀਨੀ ਮੋਬਾਈਲ ਫੋਨਾਂ ਅਤੇ ਐਪਲੀਕੇਸ਼ਨਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ। ਭਾਰਤ ਅਤੇ ਚੀਨ ਵਿਚਾਲੇ ਮਾਰਚ 2020 ਤੋਂ ਤਣਾਅ ਬਣਿਆ ਹੋਇਆ ਹੈ। ਦੋਵਾਂ ਦੇਸ਼ਾਂ ਨੇ ਪੂਰਬੀ ਲੱਦਾਖ ਤੋਂ ਅਰੁਣਾਚਲ ਪ੍ਰਦੇਸ਼ ਤੱਕ LAC ਦੇ ਨਾਲ-ਨਾਲ ਇੱਕ ਦੂਜੇ ਦੇ ਖਿਲਾਫ ਭਾਰੀ ਤਾਇਨਾਤੀ ਕੀਤੀ ਹੈ।