ਦੁਨੀਆ ਵਿੱਚ ਕੋਈ ਵੀ ਭਾਰਤੀ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਵਿੱਚ ਹੈ ਤਾਂ ਸਰਕਾਰ ਸਮੱਸਿਆ ਦਾ ਹੱਲ ਹੋਣ ਤੱਕ ਆਰਾਮ ਨਹੀਂ ਕਰਦੀ : ਪ੍ਰਧਾਨ ਮੰਤਰੀ ਮੋਦੀ 

ਸ਼ਿਵਮੋਗਾ, 07 ਮਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਵਮੋਗਾ ਵਿੱਚ ਹਕੀ ਪਿੱਕੀ ਕਬਾਇਲੀ ਭਾਈਚਾਰੇ ਦੇ ਮੈਂਬਰਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੂੰ ਅਪਰੇਸ਼ਨ ਕਾਵੇਰੀ ਤਹਿਤ ਸੰਘਰਸ਼ ਪ੍ਰਭਾਵਿਤ ਸੂਡਾਨ ਤੋਂ ਬਾਹਰ ਕੱਢਿਆ ਗਿਆ ਸੀ। ਦੱਸ ਦੇਈਏ ਕਿ ਸੂਡਾਨ ਤੋਂ ਭਾਰਤੀਆਂ ਦੀ ਸੁਰੱਖਿਅਤ ਨਿਕਾਸੀ ਲਈ ਸਰਕਾਰ ਵੱਲੋਂ ਕਦਮ ਚੁੱਕੇ ਗਏ ਸਨ। ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦੇ ਹੋਏ, ਹਕੀ ਪਿੱਕੀ ਕਬੀਲੇ ਦੇ ਮੈਂਬਰਾਂ ਨੇ ਕਿਹਾ ਕਿ ਉਹ ਮਹਿਸੂਸ ਕਰਦੇ ਹਨ ਕਿ ਉਹ ਤੀਹਰੇ ਇੰਜਣ ਦੀ ਸ਼ਕਤੀ ਨੂੰ ਦਰਸਾਉਂਦੇ ਹਨ, ਨਾ ਕਿ ਡਬਲ ਇੰਜਣ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਯਾਦ ਕੀਤਾ ਕਿ ਕਿਵੇਂ ਭਾਈਚਾਰੇ ਦੇ ਪੂਰਵਜ ਮਹਾਰਾਣਾ ਪ੍ਰਤਾਪ ਦੇ ਨਾਲ ਖੜੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇਕਰ ਪੂਰੀ ਦੁਨੀਆ ਵਿੱਚ ਕੋਈ ਵੀ ਭਾਰਤੀ ਕਿਸੇ ਵੀ ਤਰ੍ਹਾਂ ਦੀ ਮੁਸੀਬਤ ਵਿੱਚ ਹੈ ਤਾਂ ਸਰਕਾਰ ਉਸ ਸਮੱਸਿਆ ਦਾ ਹੱਲ ਹੋਣ ਤੱਕ ਆਰਾਮ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਕੁਝ ਨੇਤਾਵਾਂ ਨੇ ਇਸ ਮੁੱਦੇ ਦਾ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਅਜਿਹੇ 'ਚ ਸਾਡੀ ਚਿੰਤਾ ਇਹ ਸੀ ਕਿ ਜੇਕਰ ਉਹ ਖੁਲਾਸਾ ਕਰਦੇ ਹਨ ਕਿ ਭਾਰਤੀ ਕਿੱਥੇ ਲੁਕੇ ਹੋਏ ਹਨ ਤਾਂ ਉਨ੍ਹਾਂ ਨੂੰ ਵੱਡਾ ਖ਼ਤਰਾ ਹੋ ਸਕਦਾ ਹੈ। ਇਸ ਲਈ ਸਰਕਾਰ ਨੇ ਚੁੱਪਚਾਪ ਸਾਰਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੰਮ ਕੀਤਾ। 

"ਦੇਸ਼ ਦੀ ਮਦਦ ਲਈ ਤਿਆਰ ਰਹੋ"
ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਨ੍ਹਾਂ ਲੋਕਾਂ ਨੂੰ ਦੇਸ਼ ਦੀ ਤਾਕਤ ਨੂੰ ਯਾਦ ਕਰਨ ਲਈ ਕਿਹਾ, ਜੋ ਉਨ੍ਹਾਂ ਲਈ ਖੜ੍ਹੀ ਸੀ। ਉਨ੍ਹਾਂ ਨੇ ਮੁਸੀਬਤ ਵਿੱਚ ਫਸੇ ਲੋਕਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣ, ਸਮਾਜ ਅਤੇ ਦੇਸ਼ ਲਈ ਯੋਗਦਾਨ ਪਾਉਣ ਲਈ ਕਿਹਾ।

3800 ਤੋਂ ਵੱਧ ਭਾਰਤੀ ਸੁਰੱਖਿਅਤ ਪਰਤੇ
ਅਪਰੇਸ਼ਨ ਕਾਵੇਰੀ ਤਹਿਤ ਸੰਘਰਸ਼ ਪ੍ਰਭਾਵਿਤ ਸੂਡਾਨ ਦੇ ਘੱਟੋ-ਘੱਟ 3,862 ਲੋਕਾਂ ਨੂੰ ਸੁਰੱਖਿਅਤ ਉਨ੍ਹਾਂ ਦੇ ਵਤਨ ਵਾਪਸ ਲਿਆਂਦਾ ਗਿਆ ਹੈ। ਹਾਲਾਂਕਿ, ਆਪ੍ਰੇਸ਼ਨ ਕਾਵੇਰੀ ਹੁਣ ਖਤਮ ਹੋ ਗਿਆ ਹੈ। ਸਾਊਦੀ ਅਰਬ 'ਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਜੇਦਾਹ ਦੇ ਇਕ ਸਕੂਲ 'ਚ ਬਣੀ 'ਟਰਾਂਜ਼ਿਟ ਸਹੂਲਤ' ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਸਰਕਾਰ ਨੇ ਵਿਵਾਦਗ੍ਰਸਤ ਸੂਡਾਨ ਤੋਂ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਲਈ ਆਪਰੇਸ਼ਨ ਕਾਵੇਰੀ ਸ਼ੁਰੂ ਕੀਤਾ ਸੀ।