ਪਾਕਿਸਤਾਨ ਭਾਵੇਂ ਸਾਡਾ ਦੁਸ਼ਮਣ ਹੈ, ਪਰ ਸਾਨੂੰ ਦੁਸ਼ਮਣੀ ਇੱਕ ਪਾਸੇ ਰੱਖ ਕੇ ਉਸ ਦੀ ਇਸ ਸੰਕਟ ਵਿੱਚ ਮੱਦਦ ਕਰਨੀ ਚਾਹੀਦੀ ਹੈ : ਜਾਖੜ

ਨਵੀਂ ਦਿੱਲੀ, 13 ਫਰਵਰੀ : ਸਾਬਕਾ ਸਾਂਸਦ ਸੁਨੀਲ ਜਾਖੜ ਨੇ ਪਾਕਿਸਤਾਨ ਦੇ ਹੱਕ ਵਿਚ ਵੱਡਾ ਬਿਆਨ ਦਿੱਤਾ ਹੈ। ਸੁਨੀਲ ਜਾਖੜ ਨੇ ਟਵੀਟ ਜਾਰੀ ਕਰਕੇ ਕਿਹਾ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਵਿਚ ਲੱਖਾਂ ਲੋਕਾਂ ਨੂੰ ਭੋਜਨ ਦੀ ਕਮੀ ਹੈ ਅਸਲ ਵਿਚ ਦੀਵਾਲੀਆ ਹੋ ਚੁੱਕੇ ਪਾਕਿਸਤਾਨ ਨੂੰ ਮਦਦ ਦੀ ਸਖਤ ਲੋੜ ਹੈ। ਬੇਸ਼ੱਕ ਪਾਕਿਸਤਾਨ ਸਾਡਾ ਬਹੁਤ ਹੀ ਕੱਟੜ ਦੁਸ਼ਮਣ ਹੈ ਪਰ ਉਸ ਦੀ ਦੁਸ਼ਮਣੀ ਨੂੰ ਇਕ ਪਾਸੇ ਰੱਖ ਕੇ ਭਾਰਤ ਨੂੰ ਸੰਕਟਗ੍ਰਸਤ ਗੁਆਂਢੀ ਦਾ ਸਮਰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਲਿਖਿਆ ਕਿ ਸਦਭਾਵਨਾ ਵਾਪਸ ਕਰੀਏ, ਅਤੇ ਗੁਆਂਢੀ ਦਾ ਸਹਿਯੋਗ ਕਰੀਏ ਜਿਸ ਨੇ ਕਰਤਾਰਪੁਰ ਲਾਂਘੇ ਨੂੰ ਸੰਭਵ ਬਣਾਇਆ ਹੈ। ਸੁਨੀਲ ਜਾਖੜ ਪਹਿਲਾਂ ਕਾਂਗਰਸ ਵਿਚ ਸਨ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾਉਣ ਦੇ ਬਾਅਦ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਰਿਹਾ ਸੀ। ਹਾਲਾਂਕਿ ਕੁਝ ਕਾਂਗਰਸੀਆਂ ਨੇ ਸਿੱਖ ਸਟੇਟ-ਸਿੱਖ CM ਦੀ ਗੱਲ ਕਹਿ ਕੇ ਇਸ ਦਾ ਵਿਰੋਧ ਕਰ ਦਿੱਤਾ ਜਿਸ ਕਾਰਨ ਜਾਖੜ ਪੰਜਾਬ ਦੇ ਪਹਿਲੇ ਹਿੰਦੂ ਸੀਐੱਮ ਨਹੀਂ ਬਣ ਸਕੇ। ਇਸ ਦੇ ਬਾਅਦ ਉਨ੍ਹਾਂ ਦੇ ਕਾਂਗਰਸ ਨਾਲ ਮਤਭੇਦ ਹੋ ਗਏ। ਚੋਣਾਂ ਦੌਰਾਨ ਵੀ ਉਨ੍ਹਾਂ ਨੇ ਕਾਂਗਰਸ ਨੂੰ ਲੈ ਕੇ ਕਾਫੀ ਬਿਆਨਬਾਜ਼ੀ ਕੀਤੀ। ਇਸ ਲਈ ਉਨ੍ਹਾਂ ਨੂੰ ਕਾਂਗਰਸ ਹਾਈਕਮਾਨ ਤੋਂ ਨੋਟਿਸ ਜਾਰੀ ਹੋ ਗਿਆ। ਜਾਖੜ ਨੇ ਕਾਂਗਰਸ ਛੱਡ ਦਿੱਤੀ ਜਿਸ ਦੇ ਬਾਅਦ ਉਹ ਭਾਜਪਾ ਵਿਚ ਸ਼ਾਮਲ ਹੋ ਗਏ। ਸੁਨੀਲ ਜਾਖੜ ਪੰਜਾਬ ਕਾਂਗਰਸ ਦੇ ਮੁੱਖ ਹਿੰਦੂ ਨੇਤਾ ਸਨ। ਉਹ ਅਬੋਹਰ ਦੇ ਪਿੰਡ ਪੰਚਕੋਸੀ ਦੇ ਰਹਿਣ ਵਾਲੇ ਹਨ। ਉੁਨ੍ਹਾਂ ਦੇ ਪਿਤਾ ਬਲਰਾਮ ਜਾਖੜ ਵੀ ਕਾਂਗਰਸ ਦੇ ਦਿੱਗਜ਼ਾਂ ਵਿਚੋਂ ਸਨ। ਉੁਨ੍ਹਾਂ ਦਾ ਪਰਿਵਾਰ ਤਿੰਨ ਪੀੜ੍ਹੀਆਂ ਤੋਂ ਕਾਂਗਰਸ ਨਾਲ ਜੁੜਿਆ ਰਿਹਾ। ਜਾਖੜ 2002 ਵਿਚ ਪਹਿਲੀ ਵਾਰ ਅਬੋਹਰ ਸ਼ਹਿਰ ਤੋਂ ਵਿਧਾਇਕ ਚੁਣੇ ਗਏ ਸਨ। ਇਹ ਉਥੋਂ 3 ਵਾਰ ਵਿਧਾਇਕ ਬਣੇ। ਇਸ ਦੇ ਬਾਅਦ ਉਹ 2012 ਤੋਂ 2017 ਤੱਕ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵੀ ਰਹੇ। ਸੁਨੀਲ ਜਾਖੜ ਭਾਜਪਾ ਦਾ ਗੜ੍ਹ ਮੰਨੇ ਜਾਣ ਵਾਲੇ ਗੁਰਦਾਸਪੁਰ ਲੋਕ ਸਭਾ ਸੀਟ ਤੋਂ 2017 ਵਿਚ ਵੱਡੇ ਫਰਕ ਨਾਲ ਜਿੱਤੇ ਸਨ। ਕੈਪਟਨ ਜਦੋਂ 2017 ਦੇ ਬਾਅਦ ਮੁੱਖ ਮੰਤਰੀ ਬਣੇ ਤਾਂ ਜਾਖੜ ਪੰਜਾਬ ਕਾਂਗਰਸ ਦੇ ਪ੍ਰਧਾਨ ਰਹੇ।