ਏਆਈਸੀਸੀ ਦਾ ਨਵਾਂ ਪ੍ਰਧਾਨ ਮਿਲਦੇ ਹੀ ਮਤਭੇਦ ਹੋਏ ਦੂਰ, ਮੁਨੀਸ਼ ਤਿਵਾੜੀ ’ਭਾਰਤ ਜੋੜੋ ਯਾਤਰਾ’ ’ਚ ਹੋਏ ਸ਼ਾਮਲ

ਤੇਲੰਗਾਨਾ : ਆਲ ਇੰਡੀਆ ਕਾਂਗਰਸ ਪਾਰਟੀ ਨੂੰ ਨਵਾਂ ਪ੍ਰਧਾਨ ਮਿਲਦੇ ਹੀ ਮਤਭੇਦ ਦੂਰ ਕਰਦੇ ਹੋਏ ਮਨੀਸ਼ ਤਿਵਾੜੀ ਅੱਜ ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਹੋਈ ’ਭਾਰਤ ਜੋੜੋ ਯਾਤਰਾ’ ਤੇਲੰਗਾਨਾ ’ਚ ਸ਼ਾਮਿਲ ਹੋਏ। ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਅੱਜ ਤੇਲੰਗਾਨਾ ਦੇ ਨਰਾਇਣਪੇਟ ਜਿਲ੍ਹੇ ਦੇ ਯੇਲੀਗਾਂਡਲਾ ਤੋਂ ਮੁੜ ਸ਼ੁਰੂ ਹੋਈ, ਇਸ ਦੌਰਾਨ ਲੱਗਭੱਗ 24 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੀ ਉਮੀਦ ਹੈ। ਇਸ ਸਬੰਧੀ ਕਾਂਗਰਸ ਪਾਰਟੀ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਯਾਤਰਾ ਸ਼ੁੱਕਰਵਾਰ ਦੀ ਰਾਤ ਮਹਿਬੂਬਨਗਰ ਵਿਖੇ ਰੁਕੇਗੀ, ਉਨ੍ਹਾਂ ਦੱਸਿਆ ਕਿ ਰਾਜ ਵਿੱਚ ਯਾਤਰਾ ਦਾ ਤੀਜਾ ਦਿਨ ਹੈ, ਅੱਜ ਦੀ ਇਹ ਯਾਤਰਾ ਸਵੇਰੇ ਤਕਰੀਬਨ 6.10 ਵਜੇ ਸ਼ੁਰੂ ਹੋਈ ਅਤੇ ਇਸ ਵਿੱਚ ਸਾਬਕਾ ਕੇਂਦਰੀ ਮੰਤਰੀ ਜੈਰਾਮ ਰਮੇਸ਼, ਆਲ ਇੰਡੀਆ ਕਾਂਗਰਸ ਕਮੇਟੀ ਦੇ ਇੰਚਾਰਜ ਕੇ.ਸੀ. ਵੇਣੂਗੋਪਾਲ ਅਤੇ ਪਾਰਟੀ ਦੀ ਤੇਲੰਗਾਨਾ ਇਕਾਈ ਦੇ ਪ੍ਰਧਾਨ ਏ ਰੇਵੰਤ ਰੈਡੀ ਸਮੇਤ ਸੀਨੀਅਰ ਨੇਤਾ ਰਾਹੁਲ ਗਾਂਧੀ ਸਮੇਤ ਕਈ ਨੇਤਾ ਸ਼ਾਮਲ ਹੋਏ। ਇਸ ਮੌਕੇ ਰਾਹੁਲ ਗਾਂਧੀ ਨੇ ਯਾਤਰਾ ਰੂਟ ’ਤੇ ਸੜਕ ਕਿਨਾਰੇ ਉਸ ਦਾ ਇੰਤਜ਼ਾਰ ਕਰ ਰਹੀਆਂ ਦੋ ਸਕੂਲੀ ਵਿਦਿਆਰਥਣਾਂ ਨੂੰ ਬੁਲਾਇਆ ਅਤੇ ਕੁੱਝ ਦੂਰੀ ਤੱਕ ਉਹ ਰਾਹੁਲ ਦੇ ਨਾਲ ਤੁਰੀਆਂ।  ਤੁਹਾਨੂੰ ਦੱਸ ਦੇਈਏ ਕਿ 7 ਨਵੰਬਰ ਨੂੰ ਰਾਹੁਲ ਗਾਂਧੀ ਦੀ ਇਹ ਭਾਰਤ ਯਾਤਰਾ ਮਹਾਂਰਾਸ਼ਟਰ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਇਹ ਯਾਤਰਾ ਤੇਲੰਗਾਨਾ ਦੇ 9 ਲੋਕ ਸਭਾ ਅਤੇ 19 ਵਿਧਾਨ ਸਭਾ ਹਲਕਿਆਂ ਵਿੱਚੋਂ ਲੰਘਦੀ ਕੁੱਲ 375 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ। ਮਿਤੀ 4 ਨਵੰਬਰ ਨੂੰ ਯਾਤਰਾ ਇੱਕ ਦਿਨ ਦੀ ਵਿਰਾਮ ਲਵੇਗੀ। ’ਭਾਰਤ ਜੋੜੋ ਯਾਤਰਾ’ ਦੌਰਾਨ ਰਾਹੁਲ ਖੇਡਾਂ, ਵਪਾਰ ਅਤੇ ਮਨੋਰੰਜਨ ਖੇਤਰ ਦੀਆਂ ਸ਼ਖਸੀਅਤਾਂ ਦੇ ਨਾਲ-ਨਾਲ ਵੱਖ-ਵੱਖ ਭਾਈਚਾਰਿਆਂ ਦੇ ਬੁੱਧੀਜੀਵੀਆਂ ਅਤੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਰਾਹੁਲ ਤੇਲੰਗਾਨਾ ਦੇ ਧਾਰਮਿਕ ਸਥਾਨਾਂ, ਮਸਜਿਦਾਂ ਅਤੇ ਮੰਦਰਾਂ ਦਾ ਵੀ ਦੌਰਾ ਕਰਨਗੇ ਅਤੇ ਉੱਥੇ ਨਮਾਜ਼ ਅਦਾ ਕਰਨਗੇ। ਇਸ ਮੌਕੇ ਯਾਤਰਾ ਵਿੱਚ ਰਾਹੁਲ ਗਾਂਧੀ ਨਾਲ ਪਾਰਲੀਮੈਂਟ ਮੈਂਬਰ ਮੁਨੀਸ਼ ਤਿਵਾੜੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਹੋਰ ਆਗੂ ਵੀ ਹਾਜ਼ਰ ਸਨ।ਜਿਕਰਯੋਗ ਹੈ ਕਿ ਰਾਹੁਲ ਗਾਂਧੀ ਵੱਲੋਂ ’ਭਾਰਤ ਜੋੜੋ ਯਾਤਰਾ’ 7 ਸਤੰਬਰ ਨੂੰ ਤਾਮਿਲਨਾਡੂ ਦੇ ਕੰਨਿਆਕੁਮਾਰੀ ਤੋਂ ਸ਼ੁਰੂ ਹੋਈ ਸੀ। ਤੇਲੰਗਾਨਾ ਯਾਤਰਾ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਰਾਹੁਲ ਨੇ ਕੇਰਲ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਦਾ ਦੌਰਾ ਕੀਤਾ।