ਉੱਤਰ ਪ੍ਰਦੇਸ਼ ’ਚ ਪਰਿਵਾਰ ਦੇ ਚਾਰ ਲੋਕਾਂ ਨੂੰ ਮਾਰਨ ਤੋਂ ਬਾਅਦ ਖੁਦ ਕੀਤੀ ਖੁਦਕਸ਼ੀ

ਮੈਨਪੁਰੀ, 24 ਜੂਨ : ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ’ਚ ਇਕ ਪਿੰਡ ’ਚ ਇਕ ਨੌਜੁਆਨ ਨੇ ਅਪਣੇ ਪ੍ਰਵਾਰ ਦੇ ਚਾਰ ਲੋਕਾਂ ਸਮੇਤ ਪੰਜ ਵਿਅਕਤੀਆਂ ਦਾ ਕਤਲ ਕਰ ਦਿੱਤਾ ਅਤੇ ਬਾਅਦ ਕਥਿਤ ਤੌਰ ’ਤੇ ਖ਼ੁਦ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਦੇ ਇਕ ਅਧਿਕਾਰੀ ਵਲੋਂ ਦਿਤੀ ਜਾਣਕਾਰੀ ਅਨੁਸਾਰ ਮ੍ਰਿਤਕਾਂ ’ਚ ਲਾੜਾ-ਲਾੜੀ ਵੀ ਸ਼ਾਮਲ ਹਨ ਜਿਨ੍ਹਾਂ ਦਾ ਇਕ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਮੈਨਪੁਰੀ ’ਚ ਪੁਲਿਸ ਸੂਪਰਡੈਂਟ (ਐਸ.ਪੀ.) ਵਿਨੋਦ ਕੁਮਾਰ ਨੇ ਦਸਿਆ ਕਿ ਸਨਿਚਰਵਾਰ ਨੂੰ ਸਵੇਰੇ ਸਾਢੇ ਚਾਰ ਤੋਂ ਪੰਜ ਵਜੇ ਵਿਚਕਾਰ ਸੂਚਨਾ ਮਿਲੀ ਕਿ ਕਿਸ਼ਨੀ ਥਾਣਾ ਖੇਤਰ ਦੇ ਗੋਕੁਲਪੁਰ ਅਰਸਾਰਾ ਵਾਸੀ ਸ਼ਿਵਵੀਰ ਯਾਦਵ (28) ਨੇ ਅਪਣੇ ਭਰਾ ਭੁੱਲਨ ਯਾਦਵ (25) ਅਤੇ ਸੋਨੂ ਯਾਦਵ (21), ਸੋਨੂ ਯਾਦਵ ਦੀ ਪਤਨੀ ਸੋਨੀ (20), ਅਪਣੇ ਭਣੋਈਏ ਸੌਰਭ (23) ਅਤੇ ਫ਼ਿਰੋਜ਼ਾਬਾਦ ਵਾਸੀ ਦੋਸਤ ਦੀਪਕ (20) ਦਾ ਧਾਰਦਾਰ ਹਥਿਆਰ ਨਾਲ ਕਤਲ ਕਰ ਦਿਤਾ ਅਤੇ ਅਪਣੀ ਪਤਨੀ ਡੌਲੀ (24) ਤੇ ਮਾਮੀ ਸੁਸ਼ਮਾ (35) ਨੂੰ ਹਮਲਾ ਕਰ ਕੇ ਜ਼ਖ਼ਮੀ ਕਰ ਦਿਤਾ। ਐਸ.ਪੀ. ਨੇ ਦਸਿਆ ਕਿ ਕਤਲ ਦੇ ਦੋਸ਼ੀ ਸ਼ਿਵਵੀਰ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ।ਜ਼ਖ਼ਮੀਆਂ ਨੂੰ ਜ਼ਿਲ੍ਹਾ ਹਸਪਤਾਲ, ਮੈਨਪੁਰੀ ’ਚ ਭਰਤੀ ਕਰਵਾਇਆ ਗਿਆ ਹੈ ਅਤੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜਿਆ ਗਿਆ ਹੈ। ਪੁਲਿਸ ਨੇ ਅਜੇ ਘਟਨਾ ਦਾ ਕਾਰਨ ਸਪਸ਼ਟ ਨਹੀਂ ਕੀਤਾ ਹੈ। ਪੁਲਿਸ ਅਨੁਸਾਰ ਇਹ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਸ਼ਿਵਵੀਰ ਨੇ ਵਾਰਦਾਤ ਨੂੰ ਸ਼ੁਕਰਵਾਰ/ਸਨਿਚਰਵਾਰ ਦੀ ਦਰਮਿਆਨੀ ਰਾਤ ਨੂੰ ਉਦੋਂ ਅੰਜਾਮ ਦਿਤਾ ਜਦੋਂ ਪ੍ਰਵਾਰ ਦੇ ਸਾਰੇ ਜੀਅ ਸੌਂ ਰਹੇ ਸਨ। ਸ਼ਿਵਵੀਰ ਦੇ ਛੋਟੇ ਭਰਾ ਸੋਨੂ ਦਾ ਵਿਆਹ ਸੀ ਅਤੇ ਉਸ ਦੀ ਬਰਾਤ ਸ਼ੁਕਰਵਾਰ ਨੂੰ ਹੀ ਪਰਤੀ ਸੀ। ਘਰ ’ਚ ਖ਼ੁਸ਼ੀ ਦਾ ਮਾਹੌਲ ਸੀ। ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਸ਼ਿਵਵੀਰ ਨੇ ਕੰਪਿਊਟਰ ਸੈਂਟਰ ਅਤੇ ਪ੍ਰਿੰਟ ਦੇ ਕੰਮ ਲਈ ਬੈਂਕ ਤੋਂ ਕਰਜ਼ ਲਿਆ ਸੀ ਅਤੇ ਉਸ ਲਈ ਅਪਣੀ ਜ਼ਮੀਨ ਤੇ ਭੈਣ ਦੇ ਗਹਿਣੇ ਬੈਂਕ ’ਚ ਗਿਰਵੀ ਰੱਖੇ ਸਨ। ਇਸ ਘਟਨਾ ਨੂੰ ਇਸੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਪੁਲਿਸ ਦੇ ਬੁਲਾਰੇ ਨੇ ਦਸਿਆ ਕਿ ਮਾਮਲੇ ਦੀ ਹਰ ਪਹਿਲੂ ਨੂੰ ਧਿਆਨ ’ਚ ਰਖ ਕੇ ਜਾਂਚ ਕੀਤੀ ਜਾ ਰਹੀ ਹੈ।