ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਵਾਲੀ ਈਮੇਲ ਆਈਡੀ ਦਾ ਕਨੈਕਸ਼ਨ ਯੂ.ਕੇ. ਨਾਲ ਹੈ। : ਪੁਲਿਸ

ਮੁੰਬਈ, 23 ਮਾਰਚ : ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਮਾਮਲੇ ‘ਚ ਨਵਾਂ ਖੁਲਾਸਾ ਹੋਇਆ ਹੈ। ਪੁਲਿਸ ਨੂੰ ਪਤਾ ਲੱਗਾ ਹੈ ਕਿ ਜਿਸ ਈਮੇਲ ਆਈਡੀ ਤੋਂ ਐਕਟਰ ਨੂੰ ਧਮਕੀ ਪੱਤਰ ਭੇਜਿਆ ਗਿਆ ਸੀ, ਉਹ ਈਮੇਲ ਆਈਡੀ ਦਾ ਕਨੈਕਸ਼ਨ ਯੂ.ਕੇ. ਨਾਲ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਮੋਬਾਈਲ ਨੰਬਰ ਨਾਲ ਇਹ ਈਮੇਲ ਆਈਡੀ ਲਿੰਕ ਕੀਤੀ ਗਈ ਸੀ, ਉਹ ਯੂਕੇ ਦਾ ਹੈ। ਪਿਛਲੇ ਹਫਤੇ ਸਲਮਾਨ ਖਾਨ ਦੇ ਨਿੱਜੀ ਸਹਾਇਕ ਜੋਰਡੀ ਪਟੇਲ ਨੂੰ ਧਮਕੀ ਭਰੀ ਈਮੇਲ ਮਿਲੀ ਸੀ। ਇਸ ਮੇਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਅਦਾਕਾਰ ਦੇ ਕਰੀਬੀ ਪ੍ਰਸ਼ਾਂਤ ਗੁੰਜਾਲਕਰ ਨੇ ਬਾਂਦਰਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਬਾਂਦਰਾ ਵਿੱਚ ਅਦਾਕਾਰ ਦੇ ਦਫ਼ਤਰ ਪਹੁੰਚਿਆ ਤਾਂ ਉਸਨੂੰ ਜੌਰਡਨ ਪਟੇਲ ਦੇ ਇਨਬਾਕਸ ਵਿੱਚ ਇੱਕ ਧਮਕੀ ਭਰੀ ਈਮੇਲ ਮਿਲੀ। ਇਸ ਈਮੇਲ ‘ਚ ਲਿਖਿਆ ਗਿਆ ਸੀ, ”ਗੋਲਡੀ ਭਾਈ (ਗੋਲਡੀ ਬਰਾੜ) ਨੇ ਆਪਣੇ ਬੌਸ ਸਲਮਾਨ ਨਾਲ ਗੱਲ ਕਰਨੀ ਹੈ। ਉਨ੍ਹਾਂ ਨੇ ਇੰਟਰਵਿਊ (ਲਾਰੈਂਸ ਬਿਸ਼ਨੋਈ) ਜ਼ਰੂਰ ਦੇਖੀ ਹੋਵੇਗੀ, ਜੇ ਨਹੀਂ ਦੇਖਿਆ ਤਾਂ ਦੱਸੋ। ਮੈਟਰ ਕਲੋਜ਼ ਕਰਨਾ ਹੈ ਤਾਂ ਗੱਲ ਕਰਵਾ ਦਿਓ, ਫੇਸ ਟੂ ਫੇਸ ਕਰਨਾ ਹੋਵੇ ਤਾਂ ਦੱਸ ਦਿਓ। ਸਮਾਂ ਰਹਿੰਦੇ ਦੱਸ ਰਿਹਾ ਹਾਂ ਅਗਲੀ ਵਾਰ ਸਿੱਧਾ ਝਟਕਾ ਦਿਆਂਗਾ।” ਧਮਕੀ ਵਾਲਾ ਈਮੇਲ ਮਿਲਣ ਤੋਂ ਬਾਅਦ ਸਲਮਾਨ ਖਾਨ ਦੇ ਬਾਂਦਰਾ ਸਥਿਤ ਘਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।