ਹੋਲਾ ਮਹੱਲਾ ਵੇਖਣ ਗਏ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ, ਢਿੱਗਾ ਡਿੱਗਣ ਕਾਰਨ 2 ਦੀ ਮੌਤ, 7 ਜ਼ਖ਼ਮੀ

ਮੰਡੀ, 26 ਮਾਰਚ : ਹਿਮਾਚਲ ਪ੍ਰਦੇਸ਼ ਦੇ ਅੰਬ, ਊਨਾ ਵਿਚ ਅੱਜ ਸਵੇਰੇ ਢਿੱਗਾ ਡਿੱਗਣ ਕਾਰਨ ਦੋ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਸੱਤ ਜ਼ਖ਼ਮੀ ਹੋ ਗਏ। ਚਾਰ ਜ਼ਖਮੀਆਂ ਦਾ ਅੰਬ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਦਕਿ ਇਨ੍ਹਾਂ ਵਿੱਚੋਂ ਤਿੰਨ ਨੂੰ ਊਨਾ ਦੇ ਖੇਤਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਹੋਲੀ ਵਾਲੇ ਦਿਨ ਮੇਦੀ 'ਚ ਚੱਲ ਰਹੇ ਹੋਲਾ ਮੁਹੱਲੇ 'ਚ ਸਵੇਰੇ 5-00 ਵਜੇ ਵੱਡੀ ਗਿਣਤੀ 'ਚ ਸ਼ਰਧਾਲੂ ਚਰਨ ਗੰਗਾ 'ਚ ਇਸ਼ਨਾਨ ਕਰ ਰਹੇ ਸਨ। ਇਸ ਦੌਰਾਨ ਪਹਾੜੀ ਤੋਂ ਕੁਝ ਪੱਥਰ ਡਿੱਗ ਗਏ, ਜਿਸ ਕਾਰਨ ਦੋ ਸ਼ਰਧਾਲੂਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਮੌਕੇ 'ਤੇ ਭਗਦੜ ਮੱਚ ਗਈ। ਮ੍ਰਿਤਕਾਂ ਦੀ ਪਛਾਣ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਫਰੀਦਕੋਟ ਪੰਜਾਬ ਅਤੇ ਬਲਵੀਰ ਚੰਦ ਪੁੱਤਰ ਵਤਨਾ ਰਾਮ ਵਾਸੀ ਫਰੀਦਪੁਰ ਜ਼ਿਲਾ ਜਲੰਧਰ ਪੰਜਾਬ ਵਜੋਂ ਹੋਈ ਹੈ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਏਐਸਪੀ ਸੰਜੀਵ ਭਾਟੀਆ ਨੇ ਦੱਸਿਆ ਕਿ ਪਹਾੜ ਤੋਂ ਪੱਥਰ ਡਿੱਗਣ ਨਾਲ ਕੁਝ ਸ਼ਰਧਾਲੂ ਜ਼ਖ਼ਮੀ ਹੋ ਗਏ। ਇਸ ਕਾਰਨ ਬਿੱਲਾ ਪੁੱਤਰ ਕੇਵਲ ਸਿੰਘ ਵਾਸੀ ਫਰੀਦਕੋਟ ਪੰਜਾਬ ਅਤੇ ਬਲਵੀਰ ਚੰਦ ਪੁੱਤਰ ਵਤਨਾ ਰਾਮ ਵਾਸੀ ਫਰੀਦਪੁਰ ਜ਼ਿਲਾ ਜਲੰਧਰ ਪੰਜਾਬ ਦੀ ਮੌਤ ਹੋ ਗਈ। ਇਸ ਹਾਦਸੇ 'ਚ ਗੋਵਿੰਦ ਪੁੱਤਰ ਦੇਵਰਾਜ ਵਾਸੀ ਬਰਨਾਲਾ, ਧਰਮਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸੋਲ ਜ਼ਿਲ੍ਹਾ ਤਰਨਤਾਰਨ, ਹਰਪਾਲ ਸਿੰਘ ਪੁੱਤਰ ਸ਼ੇਰ ਸਿੰਘ ਵਾਸੀ ਅੰਮ੍ਰਿਤਸਰ ਅਤੇ ਬਬਲੂ ਪੁੱਤਰ ਲਾਲੀ ਵਾਸੀ ਬਿੰਦੂ ਬਰਾੜ ਅੰਮ੍ਰਿਤਸਰ ਦਾ ਅੰਬ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਦਕਿ ਬਲਵੀਰ ਸਿੰਘ ਪੁੱਤਰ ਰਾਮ ਵਾਸੀ ਨਿਡਾਣਾ ਡਾਕਖਾਨਾ ਖੇੜ ਜ਼ਿਲ੍ਹਾ ਜੀਂਦ ਹਰਿਆਣਾ, ਅੰਗਰੇਜ਼ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਭਾਰਦ ਤਹਿਸੀਲ ਅਜਨਾਲਾ ਅੰਮ੍ਰਿਤਸਰ ਅਤੇ ਰਘੁਬੀਰ ਸਿੰਘ ਪੁੱਤਰ ਬਿੱਲੂ ਸਿੰਘ ਵਾਸੀ ਰੋਡੀ ਕਪੂਰਾ ਜ਼ਿਲ੍ਹਾ ਫ਼ਰੀਦਕੋਟ ਨੂੰ ਊਨਾ ਰੈਫਰ ਕੀਤਾ ਗਿਆ।