ਦੇਸ਼ ’ਚ ਕੋਰੋਨਾ ਦੇ 797 ਨਵੇਂ ਮਾਮਲੇ, 5 ਮੌਤਾਂ, ਸਰਗਰਮ ਕੇਸਾਂ ਦੀ ਗਿਣਤੀ ਹੋਈ 4,091 

ਨਵੀਂ ਦਿੱਲੀ, 29 ਦਸੰਬਰ : ਦੇਸ਼ ’ਚ ਕੋਰੋਨਾ ਦੇ 797 ਨਵੇਂ ਮਾਮਲੇ ਮਿਲੇ ਹਨ। ਇਹ 225 ਦਿਨਾਂ ਵਿਚ ਸਭ ਤੋਂ ਵੱਧ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਦੇ ਸਰਗਰਮ ਕੇਸਾਂ ਦੀ ਗਿਣਤੀ 4,091 ਹੋ ਗਈ ਹੈ। ਮੰਤਰਾਲੇ ਵੱਲੋਂ ਸ਼ੁੱਕਰਵਾਰ ਸਵੇਰੇ ਅੱਠ ਵਜੇ ਅਪਡੇਟ ਕੀਤੇ ਗਏ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਨਾਲ ਪੰਜ ਪੀੜਤਾਂ ਦੀ ਮੌਤ ਹੋਈ ਹੈ। ਕੇਰਲ ਵਿਚ ਦੋ ਤੇ ਮਹਾਰਾਸ਼ਟਰ, ਪੁਡੂਚੇਰੀ ਤੇ ਤਾਮਿਲਨਾਡੂ ਤੋਂ ਇਕ-ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋਈ ਹੈ। 19 ਮਈ ਨੂੰ ਦੇਸ਼ ਕੋਰੋਨਾ ਦੇ 865 ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਪੰਜ ਦਸੰਬਰ ਤੱਕ ਕੋਰੋਨਾ ਦੇ ਰੋਜ਼ਾਨਾ ਨਵੇਂ ਮਾਮਲਿਆਂ ਦੀ ਗਿਣਤੀ ਘੱਟ ਕੇ ਦੋਹਰੇ ਅੰਕ ਵਿਚ ਆ ਗਈ ਸੀ ਪਰ ਨਵੇਂ ਵੇਰੀਐਂਟ ਦੇ ਸਾਹਮਣੇ ਆਉਣ ਤੇ ਠੰਢ ਦੇ ਮੌਸਮ ਦੀ ਸਥਿਤੀ ਤੋਂ ਬਾਅਦ ਮਾਮਲੇ ਮੁੜ ਵੱਧ ਗਏ ਹਨ। ਕੋਰੋਨਾ ਤੋਂ ਠੀਕ ਹੋਣ ਦੀ ਕੌਮੀ ਦਰ 98.81 ਫ਼ੀਸਦੀ ਹੈ। ਦੇਸ਼ ਵਿਚ ਹੁਣ ਤੱਕ ਕੋਰੋਨਾ ਰੋਕੂ ਟੀਕੇ ਦੀਆਂ 220.67 ਕਰੋੜ ਡੋਜ਼ ਦਿੱਤੀਆਂ ਜਾ ਚੁੱਕੀਆਂ ਹਨ। ਏਐੱਨਆਈ ਮੁਤਾਬਕ ਮਨੀਪੁਰ ਵਿਚ ਕੋਰੋਨਾ ਦੇ ਜੇਐੱਨ.1 ਸਬਵੇਰੀਐਂਟ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਇਨਫੈਕਟਿਡ ਵਿਅਕਤੀ ਸੇਨਾਪਤੀ ਜ਼ਿਲ੍ਹੇ ਦੇ ਪਾਓਮਾਟਾ ਦਾ ਰਹਿਣ ਵਾਲਾ ਹੈ। ਉਸ ਨੇ ਦਿੱਲੀ ਤੋਂ ਦੀਮਾਪੁਰ ਤੱਕ ਹਵਾਈ ਯਾਤਰਾ ਕੀਤੀ ਸੀ ਤੇ ਉਸ ਤੋਂ ਬਾਅਦ ਸੜਕ ਮਾਰਗ ਰਾਹੀਂ ਦੀਮਾਪੁਰ ਤੋਂ ਸੇਨਾਪਤੀ ਤੱਕ ਯਾਤਰਾ ਕੀਤੀ ਸੀ। ਜ਼ਿਆਦਾ ਵੇਰਵਾ ਜਾਣਨ ਲਈ ਨਮੂਨੇ ਜੀਨੋਮੀ ਸੀਕਵੈਂਸਿੰਗ ਭੇਜੇ ਗਏ ਹਨ। ਭਾਰਤ ਵਿਚ 28 ਦਸੰਬਰ ਤੱਕ ਕੋਰੋਨਾ ਦੇ ਸਬਵੇਰੀਐਂਟ ਜੇਐੱਨ.1 ਦੇ ਕੁੱਲ 145 ਮਾਮਲੇ ਦਰਜ ਕੀਤੇ ਹਨ। ਸਰਕਾਰੀ ਸੂਤਰਾਂ ਨੇ ਕਿਹਾ ਕਿ ਇਹ ਨਮੂਨੇ 21 ਨਵੰਬਰ ਤੋਂ 18 ਦਸੰਬਰ, 2023 ਤੱਕ ਇੱਕਠੇ ਕੀਤੇ ਗਏ ਸਨ। ਜੇਐੱਨ.1 ਵੇਰੀਐਂਟ ਦੇ ਸਭ ਤੋਂ ਜ਼ਿਆਦਾ 41 ਮਾਮਲੇ ਕੇਰਲ ਤੋਂ ਸਾਹਮਣੇ ਆਏ ਹਨ।