ਕੇਂਦਰ ਨੇ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਪੰਜਾਬ ਸਮੇਤ 22 ਸੂਬਿਆਂ ਨੂੰ ਜਾਰੀ ਕੀਤੇ 7,532 ਕਰੋੜ 

ਨਵੀਂ ਦਿੱਲੀ, 13 ਜੁਲਾਈ : ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਬਾਰਿਸ਼ ਨੇ ਤਬਾਹੀ ਮਚਾਈ ਹੋਈ ਹੈ। ਇਸੇ ਵਿਚਾਲੇ ਵਿੱਤ ਮੰਤਰਾਲੇ ਨੇ ਬੁੱਧਵਾਰ ਨੂੰ 22 ਰਾਜ ਸਰਕਾਰਾਂ ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ SDRF) ਦੇ ਤਹਿਤ 7,532 ਕਰੋੜ ਰੁਪਏ ਜਾਰੀ ਕੀਤੇ। ਇਹ ਸਹਾਇਤਾ ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਮਹਾਰਾਸ਼ਟਰ ਰਾਜਾਂ ਨੂੰ ਦਿੱਤੀ ਗਈ ਹੈ। ਵਿੱਤ ਮੰਤਰਾਲੇ ਨੇ ਕਿਹਾ ਕਿ ਇਹ ਰਾਸ਼ੀ ਗ੍ਰਹਿ ਮੰਤਰਾਲੇ ਦੀਆਂ ਸਿਫ਼ਾਰਸ਼ਾਂ ਅਨੁਸਾਰ ਜਾਰੀ ਕੀਤੀ ਗਈ ਹੈ। ਮੰਤਰਾਲੇ ਵੱਲੋਂ 22 ਰਾਜਾਂ ਨੂੰ ਜਾਰੀ ਕੀਤੇ ਗਏ 7,532 ਕਰੋੜ ਰੁਪਏ ਵਿਚੋਂ ਆਂਧਰਾ ਪ੍ਰਦੇਸ਼ ਨੂੰ 493.60 ਕਰੋੜ ਰੁਪਏ, ਅਰੁਣਾਚਲ ਪ੍ਰਦੇਸ਼ ਨੂੰ 110.40 ਕਰੋੜ ਰੁਪਏ, ਅਸਾਮ ਨੂੰ 340.40 ਕਰੋੜ ਰੁਪਏ, ਬਿਹਾਰ ਨੂੰ 624.40 ਕਰੋੜ ਰੁਪਏ, ਛੱਤੀਸਗੜ੍ਹ ਨੂੰ 181.60 ਕਰੋੜ ਰੁਪਏ, ਗੋਆ ਨੂੰ 4.80 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਨੂੰ 218.40 ਕਰੋੜ, ਗੁਜਰਾਤ ਨੂੰ 584.00 ਰੁਪਏ, ਹਰਿਆਣਾ ਨੂੰ 216.80 ਰੁਪਏ, ਹਿਮਾਚਲ ਪ੍ਰਦੇਸ਼ ਨੂੰ 180.40 ਕਰੋੜ ਰੁਪਏ, ਕਰਨਾਟਕ ਨੂੰ 348.80 ਕਰੋੜ ਰੁਪਏ, ਕੇਰਲਾ ਨੂੰ 138.80 ਕਰੋੜ ਰੁਪਏ, ਮਹਾਰਾਸ਼ਟਰ ਨੂੰ 1420.80 ਕਰੋੜ ਰੁਪਏ, ਮਣੀਪੁਰ ਲਈ 18.80 ਕਰੋੜ ਰੁਪਏ, ਮੇਘਾਲਿਆ ਨੂੰ 27.20 ਕਰੋੜ, ਮਿਜ਼ੋਰਮ ਨੂੰ 20.80 ਕਰੋੜ, ਉੜੀਸਾ ਨੂੰ 707.60 ਕਰੋੜ, ਤਾਮਿਲਨਾਡੂ ਨੂੰ 450.00 ਕਰੋੜ ਰੁਪਏ, ਤੇਲੰਗਾਨਾ ਨੂੰ 188.80 ਕਰੋੜ ਰੁਪਏ, ਤ੍ਰਿਪੁਰਾ ਨੂੰ 30.40 ਕਰੋੜ ਰੁਪਏ, ਉੱਤਰ ਪ੍ਰਦੇਸ਼ ਨੂੰ 812.00 ਕਰੋੜ ਰੁਪਏ ਅਤੇ ਉੱਤਰਾਖੰਡ ਨੂੰ 413.20 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਵਿੱਤ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੇਸ਼ ਭਰ ਵਿੱਚ ਭਾਰੀ ਮੀਂਹ ਦੇ ਮੱਦੇਨਜ਼ਰ ਦਿਸ਼ਾ-ਨਿਰਦੇਸ਼ਾਂ ਵਿੱਚ ਢਿੱਲ ਦਿੱਤੀ ਗਈ ਹੈ। ਇਹ ਰਾਸ਼ੀ ਪਿਛਲੇ ਵਿੱਤੀ ਸਾਲ ਵਿੱਚ ਰਾਜਾਂ ਨੂੰ ਪ੍ਰਦਾਨ ਕੀਤੀ ਗਈ ਰਕਮ ਦੇ ਉਪਯੋਗਤਾ ਸਰਟੀਫਿਕੇਟ ਦੀ ਉਡੀਕ ਕੀਤੇ ਬਿਨ੍ਹਾਂ ਰਾਜਾਂ ਨੂੰ ਤੁਰੰਤ ਸਹਾਇਤਾ ਵਜੋਂ ਜਾਰੀ ਕੀਤੀ ਗਈ ਹੈ। ਪਿਛਲੇ ਕੁਝ ਦਿਨਾਂ ਵਿੱਚ ਹੋਈ ਬਾਰਿਸ਼ ਨੇ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸਮੇਤ ਦੇਸ਼ ਦੇ ਉੱਤਰੀ ਹਿੱਸਿਆਂ ਵਿੱਚ ਤਬਾਹੀ ਮਚਾਈ ਹੋਈ ਹੈ। ਡਿਜ਼ਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 48(1)(a) ਦੇ ਤਹਿਤ ਹਰੇਕ ਰਾਜ ਵਿੱਚ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ (SDRF) ਦਾ ਗਠਨ ਕੀਤਾ ਗਿਆ ਹੈ। ਇਹ ਫੰਡ ਸੂਚਿਤ ਆਫ਼ਤਾਂ ਦੇ ਜਵਾਬ ਲਈ ਰਾਜ ਸਰਕਾਰਾਂ ਨੂੰ ਉਪਲਬਧ ਪ੍ਰਾਇਮਰੀ ਫੰਡ ਹੈ। ਕੇਂਦਰ ਸਰਕਾਰ ਆਮ ਰਾਜਾਂ ਵਿੱਚ SDRF ਦਾ 75 ਪ੍ਰਤੀਸ਼ਤ ਅਤੇ ਉੱਤਰ ਪੂਰਬੀ ਅਤੇ ਹਿਮਾਲੀਅਨ ਰਾਜਾਂ ਵਿੱਚ 90 ਪ੍ਰਤੀਸ਼ਤ ਯੋਗਦਾਨ ਪਾਉਂਦੀ ਹੈ। ਵਿੱਤ ਕਮਿਸ਼ਨ ਦੀ ਸਿਫ਼ਾਰਸ਼ ਕੀਤੇ ਅਨੁਸਾਰ ਸਲਾਨਾ ਕੇਂਦਰੀ ਯੋਗਦਾਨ ਦੋ ਬਰਾਬਰ ਕਿਸ਼ਤਾਂ ਵਿੱਚ ਜਾਰੀ ਕੀਤਾ ਜਾਂਦਾ ਹੈ। ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ, ਪਿਛਲੀ ਕਿਸ਼ਤ ਵਿੱਚ ਜਾਰੀ ਕੀਤੀ ਗਈ ਰਕਮ ਦੇ ਉਪਯੋਗਤਾ ਸਰਟੀਫਿਕੇਟ ਦੀ ਪ੍ਰਾਪਤੀ ਅਤੇ SDRF ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ‘ਤੇ ਰਾਜ ਸਰਕਾਰ ਤੋਂ ਰਿਪੋਰਟ ਮਿਲਣ ‘ਤੇ ਜਾਰੀ ਕੀਤੇ ਜਾਂਦੇ ਹਨ। ਹਾਲਾਂਕਿ, ਇਸ ਵਾਰ ਫੰਡ ਜਾਰੀ ਕਰਨ ਸਮੇਂ ਇਹ ਜ਼ਰੂਰਤਾਂ ਨੂੰ ਜ਼ਰੂਰੀ ਤੌਰ ‘ਤੇ ਮੁਆਫ ਕਰ ਦਿੱਤਾ ਗਿਆ । ਐਸਡੀਆਰਐਫ ਦੀ ਵਰਤੋਂ ਚੱਕਰਵਾਤ, ਸੋਕਾ, ਭੂਚਾਲ, ਅੱਗ, ਹੜ੍ਹ, ਸੁਨਾਮੀ, ਗੜੇਮਾਰੀ, ਜ਼ਮੀਨ ਖਿਸਕਣ, ਬਰਫ਼ਬਾਰੀ ਵਰਗੀਆਂ ਨੋਟੀਫਾਈਡ ਆਫ਼ਤਾਂ ਦੇ ਪੀੜਤਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰਨ ਦੀ ਲਾਗਤ ਨੂੰ ਪੂਰਾ ਕਰਨ ਲਈ ਕੀਤੀ ਜਾਂਦੀ ਹੈ।