ਮੰਦਰ ’ਚ ਮੌਜੂਦ ਲੋਕਾਂ ’ਤੇ ਦਰੱਖ਼ਤ ਡਿੱਗਣ ਕਾਰਨ 7 ਦੀ ਮੌਤ, 37 ਜ਼ਖ਼ਮੀ 

ਅਕੋਲਾ 10 ਅਪ੍ਰੈਲ : ਮਹਾਰਾਸ਼ਟਰ ਦੇ ਅਕੋਲਾ ਜ਼ਿਲ੍ਹੇ ’ਚ ਸ਼ਾਮ ਨੂੰ ਮੰਦਰ ’ਚ ਮੌਜੂਦ ਲੋਕਾਂ ’ਤੇ ਦਰੱਖ਼ਤ ਡਿੱਗਣ ਕਾਰਨ 7 ਦੀ ਮੌਤ ਹੋ ਗਈ ਜਦਕਿ 37 ਹੋਰ ਜ਼ਖ਼ਮੀ ਹੋ ਗਏ। ਬਾਬੂਜੀ ਮਹਾਰਾਜ ਮੰਦਰ ’ਚ ਵੱਡੀ ਗਿਣਤੀ ’ਚ ਲੋਕ ਮਹਾਆਰਤੀ ਲਈ ਇਕੱਠੇ ਹੋਏ ਸਨ। ਦਰੱਖ਼ਤ 100 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦੱਸਿਆ ਗਿਆ ਕਿ ਸ਼ਾਮ ਦੇ ਸਮੇਂ ਆਰਤੀ ਦੌਰਾਨ ਤੇਜ਼ ਹਵਾ ਚੱਲਣ ਤੇ ਮੀਂਹ ਕਾਰਨ ਉੱਥੇ ਲੱਗੇ ਟੀਨ ਦੇ ਹੇਠਾਂ ਲੋਕ ਇਕੱਠੇ ਹੋ ਗਏ ਸਨ। ਇਸ ਦੌਰਾਨ ਸੌ ਸਾਲ ਪੁਰਾਣਾ ਦਰੱਖ਼ਤ ਉਸ ’ਤੇ ਡਿੱਗ ਗਿਆ। ਇਸ ਨਾਲ ਸੱਤ ਜਣਿਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ’ਚ ਪੰਜ ਮਰਦ ਤੇ ਦੋ ਔਰਤਾਂ ਸ਼ਾਮਲ ਹਨ। ਮਰਨ ਵਾਲੀਆਂ ਔਰਤਾਂ ਦੀ ਉਮਰ 50 ਤੇ 55 ਸਾਲ ਸੀ। ਉਨ੍ਹਾਂ ’ਚੋਂ ਇਕ ਜਾਲੇਗਾਂਵ ਤੇ ਦੂਜੀ ਬੁਲਧਾਨਾ ਦੀ ਰਹਿਣ ਵਾਲੀ ਸੀ। ਬਾਕੀਆਂ ਦੀ ਹਾਲੇ ਪਛਾਣ ਨਹੀਂ ਹੋ ਸਕੀ। ਹਾਦਸੇ ’ਚ 37 ਜਣੇ ਜ਼ਖਮੀ ਹੋਏ, ਜਿਨ੍ਹਾਂ ਨੂੰ ਅਕੋਲਾ ਦੇ ਸਥਾਨਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅਕੋਲਾ ਦੇ ਮੰਦਰ ’ਚ ਹੋਏ ਹਾਦਸੇ ’ਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਚਾਰ-ਚਾਰ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਨਿਰਦੇਸ਼ ਦਿੱਤਾ ਕਿ ਜ਼ਖਮੀਆਂ ਦਾ ਸਰਕਾਰੀ ਖ਼ਰਚ ’ਤੇ ਉੱਚਿਤ ਇਲਾਜ ਕਰਵਾਇਆ ਜਾਵੇ।