ਪੁਣੇ ‘ਚ ਲੋਹੇ ਦਾ ਹੋਰਡਿੰਗ ਡਿੱਗਣ ਕਾਰਨ 6 ਲੋਕਾਂ ਦੀ ਮੌਤ, 2 ਜਖ਼ਮੀ

ਪੁਣੇ 18 ਅਪ੍ਰੈਲ : ਮਹਾਰਾਸ਼ਟਰ ਦੇ ਜਿਲ੍ਹੇ ਪੁਣੇ ਦੇ ਪਿੰਪਰੀ ਚਿੰਚਵਾੜ ਦੇ ਰਾਵਲ ਕੀਵਾਲ ‘ਚ ਲੋਹੇ ਦਾ ਹੋਰਡਿੰਗ ਡਿੱਗਣ ਕਾਰਨ 6 ਲੋਕਾਂ ਦੀ ਮੌਤ ਅਤੇ 2 ਲੋਕਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਵਿਚ 4 ਔਰਤਾਂ ਵੀ ਸ਼ਾਮਲ ਹਨ। ਇਹ ਘਟਨਾ ਬੀਤੀ ਸ਼ਾਮ 6.30 ਵਜੇ ਦੀ ਦੱਸੀ ਜਾ ਰਹੀ ਹੈ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ, ਜਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰਾਵਤ ਕੀਵਾਲ ਇਲਾਕੇ ਦੇ ਕਟਰਾਜ ਦੇਹੂ ਸਰਵਿਸ ਰੋਡ 'ਤੇ ਤੂਫਾਨ ਅਤੇ ਮੀਂਹ ਤੋਂ ਬਚਣ ਲਈ ਕੁਝ ਲੋਕ ਇਕ ਦੁਕਾਨ ਦੇ ਕੋਲ ਖੜ੍ਹੇ ਸਨ। ਦੁਕਾਨ ਦੇ ਨੇੜੇ ਇਕ ਲੋਹੇ ਦਾ ਹੋਰਡਿੰਗ ਸੀ। ਤੂਫਾਨ ਕਾਰਨ ਦੁਕਾਨ ਨੇੜੇ ਲੱਗਿਆ ਹੋਰਡਿੰਗ ਡਿੱਗ ਗਿਆ, ਜਿਸ ਕਾਰਨ 8 ਲੋਕ ਹੋਰਡਿੰਗ ਹੇਠਾਂ ਦੱਬ ਗਏ। ਸੋਮਵਾਰ ਸ਼ਾਮ ਨੂੰ ਆਏ ਤੂਫਾਨ ਕਾਰਨ ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿਚ ਹੀ ਹੋਰਡਿੰਗ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ।