ਮੱਛਰ ਤੋਂ ਬਚਣ ਲਈ ਮੋਰਟੀਨ ਜਲਾ ਕੇ ਸੁੱਤੇ ਪਰਿਵਾਰ ਦੇ 6 ਮੈਂਬਰਾਂ ਦੀ ਮੌਤ, 3 ਦੀ ਹਾਲਤ ਗੰਭੀਰ

ਨਵੀਂ ਦਿੱਲੀ, 31 ਮਾਰਚ : ਦਿੱਲੀ ਦੇ ਸ਼ਾਸਤਰੀ ਪਾਰਕ ਖੇਤਰ ਵਿੱਚ ਇਕ ਪਰਿਵਾਰ ਦੇ 6 ਮੈਂਬਰਾਂ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਰਾਤ ਨੂੰ ਗੱਦੇ 'ਤੇ ਮੋਰਟੀਨ ਜਲਾ ਕੇ ਸੌਂ ਗਏ ਸਨ, ਜਿਸ ਕਾਰਨ ਗੱਦੇ ਨੂੰ ਅੱਗ ਲੱਗ ਗਈ, 6 ਮੈਂਬਰਾਂ ਦੀ ਮੌਤ ਹੋ ਗਈ ਅਤੇ ਤਿੰਨ ਦੀ ਹਾਲਤ ਗੰਭੀਰ ਹੈ। ਦੱਸਿਆ ਜਾ ਰਿਹਾ ਹੈ ਕਿ ਮੱਛਰ ਵਾਲੇ ਕੁਆਇਲ ਅਤੇ ਗੱਦੇ ਵਿੱਚ ਅੱਗ ਲੱਗਣ ਨਾਲ ਧੂੰਏ ਕਾਰਨ ਪਰਿਵਾਰ ਦੇ 6 ਮੈਂਬਰਾਂ ਦੀ ਦਮ ਘੁੱਟ ਕੇ ਮੌਤ ਹੋ ਗਈ, ਜਦੋਂ ਕਿ ਤਿੰਨ ਦੀ ਹਾਲਤ ਗੰਭੀਰ ਹੈ ਜਿੰਨਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲੀ ਮੰਜ਼ਿਲ ਦੇ ਇਕ ਕਮਰੇ ਵਿੱਚ 9 ਲੋਕ ਸੋ ਰਹੇ ਸਨ। ਮਰਨ ਵਾਲਿਆਂ ਵਿਚੋਂ 4 ਪੁਰਸ਼, 1 ਔਰਤ ਅਤੇ ਇਕ ਬੱਚਾ ਸ਼ਾਮਲ ਹੈ। 2 ਲੋਕਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਜਿਨ੍ਹਾਂ ਵਿੱਚ ਇਕ 15 ਸਾਲਾ ਲੜਕੀ ਵੀ ਸ਼ਾਮਲ ਹੈ। ਇਕ ਨੂੰ ਮੁਢਲੇ ਇਲਾਜ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਹ ਘਟਨਾ ਅੱਜ ਸ਼ੁੱਕਰਵਾਰ ਸਵੇਰੇ 9 ਵਜੇ ਸ਼ਾਸਤਰੀ ਪਾਰਕ ਥਾਣਾ ਵਿੱਚ ਇਕ ਪੀਸੀਆਰ ਕਾਲ ਆਈ ਕਿ ਸ਼ਾਸਤਰੀ ਪਾਰਕ ਸਥਿਤ ਮਜਾਰ ਵਾਲਾ ਰੋਡ, ਮੱਛੀ ਮਾਰਕੀਟ ਦੇ ਨੇੜੇ ਇਕ ਘਰ ਵਿੱਚ ਅੱਗ ਲੱਗ ਗਈ ਹੈ। ਪੁਲਿਸ ਮੌਕੇ ਉਤੇ ਪਹੁੰਚੀ ਤੇ 9 ਲੋਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੰਨਾਂ ਵਿਚੋਂ 6 ਦੀ ਮੌਤ ਹੋ ਗਈ।