ਆਗਰਾ-ਲਖਨਊ ਐਕਸਪ੍ਰੈਸ ਵੇਅ ਤੇ ਟ੍ਰੈਵਲਰ ਗੱਡੀ ਨੂੰ ਈਕੋ ਸਪੋਰਟ ਕਾਰ ਨੇ ਮਾਰੀ ਟੱਕਰ ਕਾਰਨ ਹੋਏ ਹਾਦਸੇ ‘ਚ 5 ਲੋਕਾਂ ਦੀ ਮੌਤ

ਫਿਰੋਜ਼ਾਬਾਦ, 14 ਮਾਰਚ : ਗੋਰਖ਼ਪੁਰ ਵਿੱਚ ਇੱਕ ਵਿਆਹ ਸਮਾਗਮ ‘ਚ ਸ਼ਾਮਿਲ ਹੋਣ ਤੋਂ ਬਾਅਦ ਵਾਪਸ ਆ ਰਹੇ ਇੱਕ ਪਰਿਵਾਰ ਦੀ ਗੱਡੀ ਦਾ ਆਗਰਾ-ਲਖਨਊ ਐਕਸਪ੍ਰੈਸ ਵੇਅ ਤੇ ਭਿਆਨਕ ਹਾਦਸਾ ਵਾਪਰ ਜਾਣ ਕਰਕੇ ਪੰਜ ਲੋਕਾਂ ਦੀ ਮੌਤ ਹੋਣ ਜਾਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਵਿਆਹ ਤੋਂ ਪਰਤ ਰਿਹਾ ਪਰਿਵਾਰ ਰਾਜਸਥਾਨ ਨੁੰ ਟ੍ਰੈਵਲਰ ਗੱਡੀ ‘ਚ ਸਵਾਰ ਹੋ ਕੇ ਵਾਪਸ ਜਾ ਰਿਹਾ ਸੀ ਕਿ ਅਚਾਨਕ ਈਕੋ ਸਪੋਰਟ ਕਾਰ ਨੇ ਪਿੱਛੇ ਤੋਂ ਟੱਕਰ ਮਾਰ ਦਿੱਤੀ, ਟੱਕਰ ਐਨੀ ਭਿਆਨਕ ਸੀ ਕਿ ਟ੍ਰੈਵਲਰ ਗੱਡੀ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ, ਜਿਸ ਕਾਰਨ ਉਸ ‘ਚ ਸਵਾਰ 4 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਈਕੋ ਸਪੋਰਟ ਕਾਰ ‘ਚ ਸਵਾਰ ਇੱਕ ਔਰਤ ਦੀ ਮੌਤ ਹੋ ਗਈ। ਵਿਆਹ ਤੋਂ ਪਰਤ ਰਹੇ ਲੋਕਾਂ ਨੇ ਨਸੀਰਪੁਰ ਥਾਣੇ ਦੇ ਨਜ਼ਦੀਕ ਨਗਲਾ ਜਵਾਹਰ ਪਿੰਡ ਕੋਲ ਗੱਡੀ ਰੋਕੀ ਸੀ, ਜਦੋਂ ਟ੍ਰੈਵਲਰ ਗੱਡੀ ਰੁੱਕਣ ਤੋਂ ਬਾਅਦ ਚੱਲੀ ਹੀ ਸੀ ਕਿ ਪਿੱਛੇ ਤੋਂ ਆ ਰਹੀ ਈਕੋ ਸਪੋਰਟ ਨੇ ਜਬਰਦਸਤ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਪੰਜ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਾਰ ਚਾਲਕ ਅਯਾਂਗ ਪੁੱਤਰ ਪ੍ਰਹਿਲਾਦ ਗੁਪਤਾ ਵਾਸੀ ਦਿੱਲੀ ਤੇ ਉਸਦੀ ਭੈਣ ਵੈਸ਼ਨਵੀ ਜ਼ਖ਼ਮੀ ਹੋ ਗਏ। ਅਯਾਂਗ ਨੇ ਦੱਸਿਆ ਕਿ ਉਹ ਆਪਣੀ ਮਾਸੀ ਦੀ ਲੜਕੀ ਦੇ ਵਿਆਹ ਤੋਂ ਬਾਅਦ ਅੰਬੇਡਕਰ ਨਗਰ ਤੋਂ ਦਿੱਲੀ ਵਾਪਸ ਆ ਰਿਹਾ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਡੀਐੱਮ ਸਿਕੋਹਾਬਾਦ ਸ਼ਿਵਧਿਆਨ ਪਾਂਡੇ, ਸੀਓ ਸਿਰਸਾਗੰਜ ਪ੍ਰਵੀਨ ਤਿਵਾੜੀ ਫੋਰਸ ਨਾਲ ਪੁੱਜੇ। ਜ਼ਖਮੀਆਂ ਨੂੰ ਸਰਕਾਰੀ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ।