ਹਰਿਆਣਾ ‘ਚ ਸਕਾਰਪੀਓ ਅਤੇ ਟਰੱਕ ਦੀ ਹੋਈ ਭਿਆਨਕ ਟੱਕਰ ‘ਚ 3 ਲੋਕਾਂ ਦੀ ਮੌਤ

ਮਹਿੰਦਰਗੜ੍ਹ, 14 ਜੁਲਾਈ : ਹਰਿਆਣਾ ਦੇ ਮਹਿੰਦਰਗੜ੍ਹ ‘ਚ ਨੈਸ਼ਨਲ ਹਾਈਵੇ ਤੇ ਇੱਕ ਸਕਾਰਪੀਓ ਅਤੇ ਟਰੱਕ ਦੀ ਹੋਈ ਭਿਆਨਕ ਟੱਕਰ ‘ਚ 3 ਲੋਕਾਂ ਦੀ ਮੌਤ ਅਤੇ ਇੱਕ ਵਿਅਕਤੀ ਦੇ ਜਖ਼ਮੀ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਨੇ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕਾਂ ਵਿੱਚੋ ਇੱਕ ਨਾਇਬ ਸਲਮਾਨੀ ਜਲੰਧਰ ਵਜੋਂ ਹੋਈ ਹੈ, ਦੋ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ। ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇਅ 152 ਡੀ 'ਤੇ ਸੁਪਰੀਮ ਲੌਜਿਸਟਿਕ ਕੰਪਨੀ ਦਾ ਟਰੱਕ ਅੰਬਾਲਾ ਵੱਲ ਜਾ ਰਿਹਾ ਸੀ। ਇਸ ਨੂੰ ਅਜਮੇਰ ਥਾਣੇ ਦੇ ਵਿਨਾਇਕ ਇਲਾਕੇ ਦਾ ਰਹਿਣ ਵਾਲਾ ਸੁਖਦੇਵ ਚਲਾ ਰਿਹਾ ਸੀ। ਜਦੋਂ ਇਹ ਟਰੱਕ ਹਾਈਵੇਅ ’ਤੇ ਪਿੰਡ ਸੁਰਜਨਵਾਸ ਕੋਲ ਪੁੱਜਾ ਤਾਂ ਪਿੱਛੇ ਤੋਂ ਇੱਕ ਸਕਾਰਪੀਓ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਸਕਾਰਪੀਓ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਵਿੱਚ ਚਾਰ ਲੋਕ ਸਨ। ਲੋਕਾਂ ਦੀ ਮਦਦ ਨਾਲ ਚਾਰਾਂ ਨੂੰ ਸਕਾਰਪੀਓ ਗੱਡੀ ਵਿੱਚੋਂ ਬਾਹਰ ਕੱਢਿਆ ਗਿਆ। ਐਂਬੂਲੈਂਸ ਬੁਲਾ ਕੇ ਉਨ੍ਹਾਂ ਨੂੰ ਸਿਵਲ ਹਸਪਤਾਲ ਮਹਿੰਦਰਗੜ੍ਹ ਲਿਆਂਦਾ ਗਿਆ। ਇੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਡਾਕਟਰਾਂ ਨੇ ਸੰਨੀ ਉਰਫ਼ ਤੇਜੇਂਦਰ ਸਿੰਘ ਵਾਸੀ ਗੁਰੂ ਨਾਨਕ ਪੁਰਾ ਜਲੰਧਰ ਨੂੰ ਉਚੇਚੇ ਤੌਰ ’ਤੇ ਰੈਫ਼ਰ ਕਰ ਦਿੱਤਾ। ਉਸ ਦੇ ਤਿੰਨ ਹੋਰ ਸਾਥੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਮਹਿੰਦਰਗੜ੍ਹ ਵਿਚ ਰਖਵਾਇਆ ਗਿਆ ਹੈ। ਹਾਦਸੇ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਸੂਚਨਾ ਦਿਤੀ ਗਈ ਹੈ। ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ। ਮਹਿੰਦਰਗੜ੍ਹ ਸਿਵਲ ਹਸਪਤਾਲ ਦੇ ਡਾਕਟਰ ਸ਼ਿਵਮ ਨੇ ਦੱਸਿਆ ਕਿ ਰਾਤ ਨੂੰ 4 ਵਿਅਕਤੀ ਉਨ੍ਹਾਂ ਕੋਲ ਆਏ ਸਨ। ਇਹਨਾਂ ਵਿਚੋਂ ਇਕ ਨੂੰ ਉੱਚ ਕੇਂਦਰ ਵਿਚ ਭੇਜਿਆ ਗਿਆ ਸੀ। ਬਾਕੀ ਤਿੰਨਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਤਿੰਨਾਂ ਦੀਆਂ ਲਾਸ਼ਾਂ ਨੂੰ ਮੁਰਦਾਘਰ 'ਚ ਰਖਵਾ ਦਿੱਤਾ ਗਿਆ ਹੈ।