ਗੁਜਰਾਤ ਵਿਚ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ, 7 ਜ਼ਖਮੀ 

ਜਾਮਨਗਰ, 24 ਜੂਨ : ਗੁਜਰਾਤ ਦੇ ਜਾਮਨਗਰ ਦੀ ਸਾਧਨ ਕਾਲੋਨੀ ਵਿਚ ਇਕ ਇਮਾਰਤ ਡਿੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 7 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਾਮਨਗਰ ਨਗਰ ਨਿਗਮ ਦੇ ਕਮਿਸ਼ਨਰ ਡੀਐਨ ਮੋਦੀ ਨੇ ਕਿਹਾ ਕਿ ਗੁਜਰਾਤ ਹਾਊਸਿੰਗ ਬੋਰਡ ਨੇ ਇਮਾਰਤ ਨੂੰ ਪਹਿਲਾਂ ਹੀ ਅਸੁਰੱਖਿਅਤ ਘੋਸ਼ਿਤ ਕਰ ਦਿਤਾ ਸੀ। ਇਥੇ ਰਹਿਣ ਵਾਲੇ ਲੋਕਾਂ ਨੂੰ ਵੀ ਚੇਤਾਵਨੀ ਦਿਤੀ ਗਈ ਸੀ। ਇਮਾਰਤ ਦੇ ਮਲਬੇ ਹੇਠ ਦੱਬੇ ਸਾਰੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਹੈ। ਹਾਦਸੇ ਦਾ ਸ਼ਿਕਾਰ ਹੋਈ ਹੈ ਤਿੰਨ ਮੰਜ਼ਿਲਾ ਇਮਾਰਤ, ਵਿਚ ਛੇ ਫਲੈਟ ਹਨ। ਹਾਦਸੇ ਸਮੇਂ ਚਾਰਾਂ ਫਲੈਟਾਂ ਵਿਚ ਕੋਈ ਨਹੀਂ ਸੀ। ਜਦਕਿ ਦੋ ਫਲੈਟਾਂ 'ਚ 8 ਲੋਕ ਸਨ। ਹਾਦਸੇ 'ਚ ਜਾਨ ਗਵਾਉਣ ਵਾਲਿਆਂ ਦੀ ਪਛਾਣ ਮਿੱਤਲਬੇਨ ਜੈਪਾਲ ਸਾਦੀਆ (35 ਸਾਲ), ਜੈਪਾਲ ਰਾਜੂਭਾਈ ਸਾਦੀਆ (35 ਸਾਲ), ਸ਼ਿਵਮ ਜੈਪਾਲ ਸਾਦੀਆ (4 ਸਾਲ) ਵਜੋਂ ਹੋਈ ਹੈ। ਇਸ ਦੇ ਨਾਲ ਹੀ ਕੰਚਨਬੇਨ ਮਨਸੁਖਭਾਈ ਜੋਯਸ਼ਰ, ਪਾਰੁਲਬੇਨ ਅਮਿਤਭਾਈ ਜੋਯਸ਼ਰ, ਹਿਤਾਂਸ਼ੀ ਜੈਪਾਲ, ਦੇਵੀਬੇਨ ਅਤੇ ਰਾਜੂਭਾਈ ਘੇਲਾਭਾਈ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਜਾਮਨਗਰ ਦੀ ਸੰਸਦ ਮੈਂਬਰ ਪੂਨਮਬਾਹੇਨ, ਵਿਧਾਇਕ ਦਿਵਯੇਸ਼ ਅਕਬਰੀ, ਰਿਵਾਬਾ ਜਡੇਜਾ, ਮੇਅਰ ਬੀਨਾਬੇਨ ਕੋਠਾਰੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿਲਾਸਾ ਦਿਤਾ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਨੇ ਇਸ ਹਾਦਸੇ 'ਤੇ ਦੁੱਖ ਜ਼ਾਹਰ ਕੀਤਾ ਹੈ। ਉਨ੍ਹਾਂ ਨੇ ਟਵਿਟਰ 'ਤੇ ਲਿਖਿਆ- ਹਾਦਸੇ 'ਚ ਜਾਨ ਗੁਆਉਣ ਵਾਲਿਆਂ ਦੇ ਪ੍ਰਵਾਰਾਂ ਪ੍ਰਤੀ ਮੇਰੀ ਸੰਵੇਦਨਾ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਸੂਬਾ ਸਰਕਾਰ ਮ੍ਰਿਤਕਾਂ ਦੇ ਪ੍ਰਵਾਰਾਂ ਨੂੰ 4 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਦੇਵੇਗੀ।