ਸੰਸਦ ਭਵਨ ‘ਤੇ ਹੋਏ ਅੱਤਵਾਦੀ ਹਮਲੇ ਦੀ 21ਵੀਂ ਮੌਕੇ ਬਰਸੀ ਪ੍ਰਧਾਨ ਮੰਤਰੀ ਮੋਦੀ ਸਮੇਤ ਕਈ ਨੇਤਾਵਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਨਵੀਂ ਦਿੱਲੀ : ਭਾਰਤੀ ਲੋਕਤੰਤਰ ਦੇ ਮੰਦਰ ਸੰਸਦ ਭਵਨ ‘ਤੇ ਹੋਏ ਅੱਤਵਾਦੀ ਹਮਲੇ ਦੀ ਅੱਜ 21ਵੀਂ ਬਰਸੀ ਹੈ। ਅੱਤਵਾਦੀਆਂ ਨੇ 13 ਦਸੰਬਰ 2001 ਨੂੰ ਸੰਸਦ ਭਵਨ ‘ਤੇ ਹਮਲਾ ਕੀਤਾ ਸੀ। ਸੰਸਦ ‘ਤੇ ਹੋਏ ਹਮਲੇ ਦੇ 21 ਸਾਲ ਪੂਰੇ ਹੋ ਗਏ ਹਨ, ਪਰ ਅੱਜ ਵੀ ਇਸ ਅੱਤਵਾਦੀ ਹਮਲੇ ਦੀਆਂ ਯਾਦਾਂ ਭਾਰਤੀਆਂ ਦੇ ਦਿਲ-ਦਿਮਾਗ ‘ਤੇ ਤਾਜ਼ਾ ਹਨ। 21 ਸਾਲ ਪਹਿਲਾਂ ਅੱਜ ਹੀ ਦੇ ਦਿਨ ਹੋਏ ਇਸ ਹਮਲੇ ਵਿੱਚ 9 ਨੌਜਵਾਨ ਸ਼ਹੀਦ ਹੋਏ ਸਨ, ਜਿਸ ਵਿੱਚ ਦਿੱਲੀ ਪੁਲਿਸ ਦੇ ਪੰਜ ਜਵਾਨ ਸ਼ਾਮਿਲ ਸਨ। ਉੱਥੇ ਹੀ ਹਮਲਾ ਕਰਨ ਵਾਲੇ ਸਾਰੇ ਪੰਜ ਅੱਤਵਾਦੀ ਵੀ ਮਾਰੇ ਗਏ ਸਨ। ਇਸ ਮੌਕੇ ਉਪ-ਰਾਸ਼ਟਰਪਤੀ ਤੇ ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ, ਲੋਕਸਭਾ ਮੈਂਬਰ ਓਮ ਬਿਰਲਾ ਤੇ ਪ੍ਰਧਾਨ ਮੰਤਰੀ ਮੋਦੀ ਸਣੇ ਕਈ ਨੇਤਾਵਾਂ ਨੇ ਮੰਗਲਵਾਰ ਨੂੰ ਸੰਸਦ ਵਿੱਚ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਮਹਾਨ ਕੁਰਬਾਨੀ ਨੂੰ ਯਾਦ ਕੀਤਾ। 13 ਦਸੰਬਰ 2001 ਦੀ ਸਵੇਰ ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ ਹੋ ਚੁੱਕਿਆ ਸੀ। ਵਿਰੋਧੀ ਸਾਂਸਦ ਤਾਬੂਤ ਘੁਟਾਲੇ ਨੂੰ ਲੈ ਕੇ ਕਫ਼ਨ ਚੋਰ, ਗੱਦੀ ਛੱਡੋ..ਫੌਜ ਖੂਨ ਵਹਾਉਂਦੀ ਹੈ, ਸਰਕਾਰ ਦਲਾਲੀ ਖਾਂਦੀ ਹੈ, ਦੇ ਨਾਅਰੇ ਲਗਾ ਕੇ ਰਾਜਸਭਾ ਤੇ ਲੋਕਸਭਾ ਵਿੱਚ ਹੰਗਾਮਾ ਕਰ ਰਹੇ ਸੀ। ਦੱਸ ਦੇਈਏ ਕਿ ਇਸ ਹਮਲੇ ਦੌਰਾਨ ਉਪ-ਰਾਸ਼ਟਰਪਤੀ ਲਾਲ ਕ੍ਰਿਸ਼ਨ ਅਡਵਾਣੀ ਸਣੇ ਬਹੁਤ ਸਾਰੇ ਸੰਸਦ ਮੈਂਬਰ ਸਾਂਸਦ ਵਿੱਚ ਹੀ ਮੌਜੂਦ ਸਨ। ਉਦੋਂ ਹੀ ਚਿੱਟੇ ਰੰਗ ਦੀ ਐਂਬੈਸਡਰ ਕਾਰ ‘ਤੇ ਜੈਸ਼-ਏ-ਮੁਹੰਮਦ ਤੇ ਲਸ਼ਕਰ-ਏ-ਤੋਇਬਾ ਦੇ ਪੰਜ ਅੱਤਵਾਦੀ ਸੰਸਦ ਭਵਨ ਵਿੱਚ ਦਾਖਲ ਹੋਏ ਤੇ ਹਮਲਾ ਕਰ ਦਿੱਤਾ।