ਡਾਸਨਾ ਜੇਲ੍ਹ ਵਿਚ 140 ਕੈਦੀ HIV ਪਾਜੀਟਿਵ ਪਾਏ,ਸਿਹਤ ਵਿਭਾਗ ਦੀ ਚਿੰਤਾ ਵਧੀ

ਉੱਤਰ ਪ੍ਰਦੇਸ਼ : ਗਾਜ਼ੀਆਬਾਦ ਜ਼ਿਲ੍ਹੇ ਦੀ ਡਾਸਨਾ ਜੇਲ੍ਹ ਵਿਚ 140 ਕੈਦੀ HIV ਪਾਜੀਟਿਵ ਪਾਏ ਗਏ ਹਨ ਜਿਸ ਤੋਂ ਬਾਅਦ ਸਿਹਤ ਵਿਭਾਗ ਦੀ ਚਿੰਤਾ ਵਧ ਗਈ ਹੈ। ਜੇਲ੍ਹ ਪ੍ਰਸ਼ਾਸਨ ਨੇ ਸਾਰੇ ਕੈਦੀਆਂ ਦੀ ਜਾਂਚ ਕਰਾਉਣ ਦਾ ਫੈਸਲਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ 5500 ਕੈਦੀਆਂ ਦੀ ਜਾਂਚ ਕਰਾਈ ਗਈ ਹੈ ਜਿਸ ਵਿਚੋਂ 140 ਬੰਦੀਆਂ ਦੀ ਰਿਪੋਰਟ ਐੱਚਆਈਵੀ ਪਾਜੀਟਿਵ ਆਈ ਹੈ। ਇਸ ਦੇ ਨਾਲ ਹੀ 17 ਕੈਦੀਆਂ ਵਿੱਚ ਟੀਬੀ ਦੀ ਲਾਗ ਪਾਈ ਗਈ ਹੈ। ਜੇਲ੍ਹ ਪ੍ਰਸ਼ਾਸਨ ਨੇ ਜਾਣਕਾਰੀ ਦਿੱਤੀ ਹੈ ਕਿ ਸੰਕਰਮਿਤ ਕੈਦੀਆਂ ਨੂੰ ਇਲਾਜ ਲਈ ਏਡਜ਼ ਕੰਟਰੋਲ ਸੁਸਾਇਟੀ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਿਹਤ ਟੀਮ ਇਸ ਗੱਲ ਦੀ ਜਾਂਚ ‘ਚ ਜੁਟੀ ਹੋਈ ਹੈ ਕਿ ਇੰਨੀ ਵੱਡੀ ਗਿਣਤੀ ‘ਚ ਕੈਦੀ ਇਨਫੈਕਟਿੰਗ ਕਿਵੇਂ ਹੋ ਗਏ। ਜੇਲ੍ਹ ਸੁਪਰਡੈਂਟ ਅਲੋਕ ਕੁਮਾਰ ਸਿੰਘ ਨੇ ਦੱਸਿਆ ਕਿ ਡਸਲਾ ਜੇਲ੍ਹ ਵਿੱਚ ਬੰਦ 140 ਕੈਦੀਆਂ ਵਿੱਚ ਐੱਚਆਈਵੀ ਦੀ ਪੁਸ਼ਟੀ ਹੋਈ ਹੈ। 17 ਟੀਬੀ ਦੇ ਮਰੀਜ਼ਾਂ ਦੀ ਵੀ ਪੁਸ਼ਟੀ ਹੋਈ ਹੈ। ਜੇਲ੍ਹ ਵਿੱਚ 1704 ਕੈਦੀ ਹਨ, ਜਦੋਂ ਕਿ ਜ਼ਿਲ੍ਹਾ ਜੇਲ੍ਹ ਵਿੱਚ 5500 ਕੈਦੀ ਬੰਦ ਹਨ। ਉਨ੍ਹਾਂ ਕਿਹਾ ਕਿ ਜੇਲ੍ਹ ਵਿੱਚ ਸਮਰੱਥਾ ਤੋਂ ਵੱਧ ਕੈਦੀ ਹਨ। ਉਨ੍ਹਾਂ ਨੇ ਦੱਸਿਆ, ‘ਹਾਪੁੜ ਦੀ ਜੇਲ੍ਹ ਗਾਜ਼ੀਆਬਾਦ ਵਿੱਚ ਵੀ ਹੈ, ਇਸ ਲਈ ਇੱਥੇ ਜੇਲ੍ਹ ਵਿੱਚ ਕੈਦੀਆਂ ਦੀ ਗਿਣਤੀ ਜ਼ਿਆਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਬੀਮਾਰੀ ਜ਼ਿਆਦਾਤਰ ਨਸ਼ੇੜੀਆਂ ਵਿੱਚ ਪਾਈ ਗਈ ਹੈ ਕਿਉਂਕਿ ਉਹ ਇੱਕੋ ਸਰਿੰਜ ਅਤੇ ਸੂਈ ਨਾਲ ਨਸ਼ਾ ਕਰ ਲੈਂਦੇ ਹਨ ਜਿਸ ਕਾਰਨ ਇਹ ਬੀਮਾਰੀ ਫੈਲਦੀ ਹੈ।