ਰਾਜਸਥਾਨ ‘ਚ ਵਾਪਰੇ ਭਿਆਨਕ ਸੜਕ ਹਾਦਸੇ ‘ਚ 6 ਔਰਤਾਂ ਸਮੇਤ 11 ਲੋਕਾਂ ਦੀ ਮੌਤ

  • ਪ੍ਰਧਾਨ ਮੰਤਰੀ ਮੋਦੀ ਅਤੇ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਨੇ ਪ੍ਰਗਟਾਇਆ ਡੂੰਘਾ ਦੁੱਖ

ਭਰਤਪੁਰ, 13 ਸਤੰਬਰ : ਰਾਜਸਥਾਨ ਦੇ ਭਰਤਪੁਰ ‘ਚ ਅੱਜ ਸਵੇਰੇ ਸਮੇਂ ਬੱਸ ਅਤੇ ਟਰੱਕ ਵਿਚਕਾਰ ਹੋਈ ਟੱਕਰ ‘ਚ 11 ਲੋਕਾਂ ਦੀ ਮੌਤ ਅਤੇ 12 ਲੋਕਾਂ ਦੇ ਜਖ਼ਮੀ ਹੋਣ ਦੀ ਵੀ ਖਬਰ ਹੈ।ਮਿਲੀ ਜਾਣਕਾਰੀ ਅਨੁਸਾਰ ਲਖਨਪੁਰ ਥਾਣੇ ਦੇ ਇਲਾਕੇ ‘ਚ ਆਗਰਾ-ਜੈਪੁਰ ਰਾਸ਼ਟਰੀ ਰਾਜ ਮਾਰਗ -21 ਤੇ ਹੰਤਾਰਾ ਨੇੜੇ ਵਾਪਰੇ ਹਾਦਸੇ ਵਿੱਚ 6 ਔਰਤਾਂ ਅਤੇ 5 ਮਰਦ ਹੈ। ਮ੍ਰਿਤਕ ਗੁਜਰਾਤ ਦੇ ਭਾਵਨਗਰ ਦੇ ਵਾਸੀ ਸਨ। ਪੁਲਿਸ ਅਨੁਸਾਰ ਬੱਸ ਭਾਵਨਗਰ ਤੋਂ ਮਥੁਰਾ ਦੇ ਰਸਤੇ ਹਰਿਦੁਆਰ ਜਾ ਰਹੀ ਸੀ ਕਿ ਜਦੋਂ ਭਰਤਪੁਰ-ਆਗਰਾ ਹਾਈਵੇ ਤੇ ਪੁੱਜੀ ਤਾਂ ਬੱਸ ਅਚਾਨਕ ਖਰਾਬ ਹੋ ਗਈ, ਜਿਸ ਕਾਰਨ ਡਰਾਈਵਰ ਤੇ ਉਸ ਦੇ ਸਾਥੀਆਂ ਸਮੇਤ ਹੋਰ ਸਵਾਰੀਆਂ ਵੀ ਬੱਸ ਤੋਂ ਉੱਤਰ ਗਈਆਂ ਅਤੇ ਬੱਸ ਨੂੰ ਠੀਕ ਕਰਨ ਲੱਗ ਗਏ ਕਿ ਅਚਾਨਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਅਤੇ ਇੱਕ ਪਾਸੇ ਖੜ੍ਹੇ ਲੋਕਾਂ ਨੂੰ ਵੀ ਕੁਚਲ ਦਿੱਤਾ। ਸੜਕ ਤੋਂ ਲੰਘਣ ਵਾਲਿਆਂ ਨੇ ਹੀ ਸੜਕ ਤੇ ਬੋਹੇਸ਼ ਪਏ ਲੋਕਾਂ ਨੂੰ ਦੇਖ ਕੇ ਉਨ੍ਹਾਂ ਨੂੰ ਸੂਚਿਤ ਕੀਤਾ ਅਤੇ ਐਬੂਲੈਂਸ ਨੂੰ ਬੁਲਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੱਸ ਵਿੱਚ 45 ਤੋਂ ਵੱਧ ਸਵਾਰੀਆਂ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜੇ ਵਿੱਚ ਲੈ ਕੇ ਜਿਲ੍ਹਾ ਹਸਪਤਾਲ ਭਰਤਪੁਰ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ ਅਤੇ ਜਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਦੋਂ ਵੀ ਉਹ ਹੋਸ਼ ਵਿੱਚ ਆਉਣਗੇ ਤਾਂ ਉਨ੍ਹਾਂ ਤੋਂ ਪੁੱਛਗਿੱਛ ਕਰਕੇ ਹੀ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ। ਮ੍ਰਿਤਕਾਂ ਦੀ ਪਹਿਚਾਣ ਅੰਤੂ, ਨੰਦਰਾਮ, ਲੱਲੂ, ਭਰਤ, ਲਾਲਜੀ, ਮਧੂਬੇਨ, ਅੰਬਾਬੇਨ, ਕੰਬੂਬੇਨ, ਰਾਮੂਬੇਨ, ਅੰਜੂਬੇਨ ਅਤੇ ਮਧੂਬੇਨ ਵਜੋਂ ਹੋਈ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਪੀੜਤ ਪਰਿਵਾਰਾਂ ਨਾਲ ਪ੍ਰਗਟਾਇਆ ਦੁੱਖ
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰਤਪੁਰ ‘ਚ ਹੋਏ ਭਿਆਨਕ ਐਕਸੀਡੈਂਟ ‘ਚ ਮਾਰੇ ਗਏ ਲੋਕਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ  2 ਲੱਖ ਅਤੇ ਜਖ਼ਮੀਆਂ ਨੂੰ 50 ਹਜ਼ਾਰ ਰੁਪਏ ਦੀ ਐਕਸ ਗ੍ਰੇਸ਼ੀਆ ਦੀ ਮਨਜ਼ੂਰੀ ਦਿੱਤੀ।

ਮੁੱਖ ਮੰਤਰੀ ਗਹਿਲੋਤ ਨੇ ਪ੍ਰਗਟਾਇਆ ਡੂੰਘਾ ਦੁੱਖ
ਇਸ ਘਟਨਾਂ ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸ਼ੋਸ਼ਲ ਮੀਡੀਆ ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਭਰਤਪੁਰ ‘ਚ ਬੱਸ ਅਤੇ ਟਰੱਕ ਦੀ ਟੱਕਰ ‘ਚ ਗੁਜਰਾਤ ਤੋਂ ਤੀਰਥ ਯਾਤਰਾ ਤੇ ਜਾ ਰਹੇ 11 ਸ਼ਰਧਾਲੂਆਂ ਦੀ ਮੌਤ ਦਾ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਜਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਮ੍ਰਿਤਕਾਂ ਦੀਆਂ ਆਤਮਾਵਾਂ ਦੀਆਂ ਸ਼ਾਂਤੀ ਲਈ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਹਿੰਮਤ ਦੇਣ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਨਗੇ ਅਤੇ ਜਖਮੀਆਂ ਦੀ ਸਿਹਤਯਾਬੀ ਲਈ ਵੀ ਕਾਮਨਾਂ ਕਰਨਗੇ।