100 ਮੋਦੀ ਜਾਂ ਸ਼ਾਹ ਆ ਜਾਣ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਦੀ ਹੋਵੇਗੀ : ਖੜਗੇ 

ਕੋਹਿਮਾ (ਪੀਟੀਆਈ) : ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ਕਿਹਾ ਹੈ ਕਿ ਕੇਂਦਰ ’ਚ ਅਗਲੀ ਸਰਕਾਰ ਕਾਂਗਰਸ ਦੀ ਅਗਵਾਈ ਵਾਲੇ ਗਠਜੋੜ ਦੀ ਹੋਵੇਗੀ। ਸਾਡੀ ਹੋਰਨਾਂ ਪਾਰਟੀਆਂ ਨਾਲ ਗੱਲਬਾਤ ਚੱਲ ਰਹੀ ਹੈ। ਭਾਵੇਂ 100 ਮੋਦੀ ਜਾਂ ਸ਼ਾਹ ਆ ਜਾਣ, ਕਾਂਗਰਸੀ ਗਠਜੋੜ ਦੀ ਸਰਕਾਰ ਬਣਨ ਤੋਂ ਕੋਈ ਨਹੀਂ ਰੋਕ ਸਕਦਾ। ਨਾਲ ਹੀ ਉਨ੍ਹਾਂ ਭਾਜਪਾ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਇਕ ਪਾਸੇ ਲੋਕਤੰਤਰ ਤੇ ਸੰਵਿਧਾਨ ਦੀ ਗੱਲ ਕਰਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਦੇ ਕੰਮ ਗੈਰ-ਲੋਕਤੰਤਰੀ ਹਨ। ਲੋਕ ਭਾਜਪਾ ਤੋਂ ਤੰਗ ਆ ਚੁੱਕੇ ਹਨ ਤੇ 2024 ਦੀਆਂ ਆਮ ਚੋਣਾਂ ’ਚ ਉਸ ਨੂੰ ਸਬਕ ਸਿਖਾਉਣਗੇ। ਦੀਮਾਪੁਰ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਨੇ ਨਾਗਾਲੈਂਡ ਸਮੇਤ ਛੇ ਤੋਂ ਸੱਤ ਸੂਬਿਆਂ ’ਚ ਸਰਕਾਰ ਬਣਾਉਣ ਲਈ ਦਬਾਅ ਦੀ ਰਣਨੀਤੀ ਦੀ ਵਰਤੋਂ ਕੀਤੀ। ਨਾਗਾਲੈਂਡ ਹੀ ਨਹੀਂ, ਬਲਕਿ ਕਰਨਾਟਕ, ਮੱਧ ਪ੍ਰਦੇਸ਼, ਮਨੀਪੁਰ, ਗੋਆ ਤੇ ਉੱਤਰਾਖੰਡ ਆਦਿ ਸੂਬਿਆਂ ਚ ਸਰਕਾਰਾਂ ਨੂੰ ਡੇਗਣ ਲਈ ਉੱਥੋਂ ਦੇ ਵਿਧਾਇਕਾਂ ’ਤੇ ਦਬਾਅ ਬਣਾਇਆ। ਜਨਤਾ ਅਸਲੀਅਤ ਜਾਣ ਚੁੱਕੀ ਹੈ। ਉਨ੍ਹਾਂ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ਦੀ ਅਗਵਾਈ ਵਾਲਾ ਗਠਜੋੜ ਕੇਂਦਰ ’ਚ ਸੱਤਾ ’ਚ ਆਏਗਾ। ਅਸੀਂ ਸੰਵਿਧਾਨ ਤੇ ਲੋਕਤੰਤਰ ਦੀ ਪਾਲਣਾ ਕਰਾਂਗੇ। ਇਹ ਭਾਰਤ ਹੈ ਤੇ ਇੱਥੋਂ ਦਾ ਸੰਵਿਧਾਨ ਬਹੁਤ ਮਜ਼ਬੂੁਤ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨਾਲ ਜੁੜੇ ਲੋਕਾਂ ਨੇ ਭਾਰਤ ਦੀ ਆਜ਼ਾਦੀ ਲਈ, ਦੇਸ਼ ਦੀ ਏਕਤਾ ਲਈ ਆਪਣੀ ਕੁਰਬਾਨੀ ਦਿੱਤੀ ਹੈ। ਭਾਜਪਾ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੁੰ ਆਜ਼ਾਦੀ 2014 ’ਚ ਹੀ ਮਿਲੀ ਸੀ। ਖੜਗੇ ਨੇ ਕਿਹਾ ਕਿ ਪਿਛਲੇ 20 ਸਾਲਾਂ ’ਚ ਨੈਸ਼ਨਲਿਸਟ ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ ਤੇ ਸਹਿਯੋਗੀ ਭਾਜਪਾ ਨੇ ਨਾਗਾਲੈਂਡ ਨੂੰ ਲੁੱਟਿਆ ਹੈ। ਹੁਣ ਸਮਾਂ ਆ ਗਿਆ ਹੈ ਕਿ ਲੋਕਾਂ ਨੂੰ ਇਨਸਾਫ ਮਿਲੇ ਤੇ ਅਜਿਹੀ ਸਰਕਾਰ ਹੋਵੇ, ਜਿਹੜੀ ਲੋਕਾਂ ਦੀ ਭਲਾਈ ਲਈ ਕੰਮ ਕਰੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਿਆਸਤ ਦਾ ਮਕਸਦ ਇੱਥੋਂ ਦੀ ਸਵਦੇਸ਼ੀ ਤੇ ਅਨੂਠੀ ਸੰਸਕ੍ਰਿਤੀ ਨੂੰ ਤਬਾਹ ਕਰਨਾ ਹੈ। ਲੋਕਾਂ ਨੂੰ ਇਨ੍ਹਾਂ ਤੋਂ ਚੌਕਸ ਰਹਿਣਾ ਪਵੇਗਾ।