10 ਹਜ਼ਾਰ ਕਿਸਾਨਾਂ ਵੱਲੋਂ ਨਾਸਿਕ ਤੋਂ ਮੁੰਬਈ ਤੱਕ ਪੈਦਲ ਮਾਰਚ, ਮੁੰਬਈ ਦੇ ਆਜ਼ਾਦ ਮੈਦਾਨ ਕਰਨਗੇ ਰੋਸ ਪ੍ਰਦਰਸ਼ਨ

ਨਾਸਿਕ, 15 ਮਾਰਚ : ਕਰੀਬ 10,000 ਕਿਸਾਨ ਨਾਸਿਕ ਦੇ ਡਿੰਡੋਰੀ ਤੋਂ ਮੁੰਬਈ ਦੇ ਆਜ਼ਾਦ ਮੈਦਾਨ ਤੱਕ ਪੈਦਲ ਪ੍ਰਦਰਸ਼ਨ ਕਰ ਰਹੇ ਹਨ। ਸੋਮਵਾਰ ਤੋਂ ਸ਼ੁਰੂ ਹੋਇਆ ਕਿਸਾਨਾਂ ਦਾ ਪੈਦਲ ਮਾਰਚ ਬੁੱਧਵਾਰ ਨੂੰ ਕਸਾਰਾ ਘਾਟ ਤੋਂ ਗੁਜ਼ਰਿਆ। ਡਰੋਨ ਤੋਂ ਇੱਥੇ ਦੇਖ ਕੇ ਅਜਿਹਾ ਲੱਗ ਰਿਹਾ ਸੀ ਜਿਵੇਂ ਕੋਈ ਅਜਗਰ ਸੜਕ 'ਤੇ ਘੁੰਮ ਰਿਹਾ ਹੋਵੇ। ਇਹ ਕਿਸਾਨ ਜ਼ਮੀਨ 'ਤੇ ਆਦਿਵਾਸੀਆਂ ਦੇ ਹੱਕ, ਪਿਆਜ਼ 'ਤੇ ਘੱਟੋ-ਘੱਟ ਸਮਰਥਨ ਮੁੱਲ ਅਤੇ ਕਰਜ਼ਾ ਮੁਆਫੀ ਦੀ ਮੰਗ ਕਰ ਰਹੇ ਹਨ। ਮੁੰਬਈ ਦਾ ਆਜ਼ਾਦ ਮੈਦਾਨ ਡਿੰਡੋਰੀ ਤੋਂ 203 ਕਿਲੋਮੀਟਰ ਦੂਰ ਹੈ। ਕਿਸਾਨ ਰੋਜ਼ਾਨਾ 25 ਕਿਲੋਮੀਟਰ ਪੈਦਲ ਚੱਲਦੇ ਹਨ। ਪੈਦਲ ਚੱਲਦਿਆਂ ਉਹਨਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਜਿੱਥੇ ਉਹ ਠਹਿਰਦੇ ਹਨ, ਉੱਥੇ ਸਟੋਵ ਜਗਾ ਕੇ ਖਾਣਾ ਪਕਾ ਕੇ ਖਾਂਦੇ ਹਨ ਅਤੇ ਅੰਦੋਲਨ ਦੀ ਰਣਨੀਤੀ ਬਣਾਉਂਦੇ ਹਨ। ਫਿਲਹਾਲ ਕਿਸਾਨ ਮੁੰਬਈ ਤੋਂ ਕਰੀਬ 100 ਕਿਲੋਮੀਟਰ ਦੂਰ ਹਨ। ਕਿਸਾਨਾਂ ਨੇ 20 ਮਾਰਚ ਨੂੰ ਮੁੰਬਈ ਪਹੁੰਚ ਕੇ ਪ੍ਰਦਰਸ਼ਨ ਕਰਨਾ ਹੈ। ਕਿਸਾਨ ਆਗੂਆਂ ਦੀ ਪ੍ਰਸ਼ਾਸਨ ਨਾਲ ਵੀ ਗੱਲਬਾਤ ਚੱਲ ਰਹੀ ਹੈ। ਪ੍ਰਸ਼ਾਸਨ ਵੱਲੋਂ ਲਗਾਤਾਰ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਪਰ ਕਿਸਾਨ ਆਗੂ ਸਰਕਾਰ ਤੋਂ ਮੰਗਾਂ ਪੂਰੀਆਂ ਕਰਨ ਦਾ ਐਲਾਨ ਕਰਨ ਦੀ ਮੰਗ ਕਰ ਰਹੇ ਹਨ। ਕੁੱਲ ਹਿੰਦ ਕਿਸਾਨ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੀ ਅਗਵਾਈ ਹੇਠ ਕੱਢੇ ਜਾ ਰਹੇ ਇਸ ਮਾਰਚ ਵਿਚ ਜੇਪੀ ਗਾਵਿਤ, ਖੱਬੇ ਪੱਖੀ ਪਾਰਟੀ ਦੇ ਅਜੀਤ ਨਵਲੇ ਆਦਿ ਆਗੂ ਅਤੇ ਨਾਸਿਕ ਜ਼ਿਲ੍ਹੇ ਦੀ ਬਾਗਲਾਨ, ਕਲਵਾਨ, ਡਿੰਡੋਰੀ ਤਹਿਸੀਲ ਦੇ ਆਦਿਵਾਸੀ ਮਜ਼ਦੂਰ ਵੀ ਕਿਸਾਨਾਂ ਦੇ ਨਾਲ ਹਨ। ਡੀਸੀਪੀ ਕਿਰਨ ਕੁਮਾਰ ਚਵਾਨ ਨੇ ਦੱਸਿਆ ਕਿ ਅਸੀਂ ਅਮਨ-ਕਾਨੂੰਨ ਬਣਾਈ ਰੱਖਣ ਲਈ ਲੋੜੀਂਦੀ ਪੁਲੀਸ ਫੋਰਸ ਤਾਇਨਾਤ ਕੀਤੀ ਹੈ। ਸੜਕ ’ਤੇ ਦੋ ਰਸਤੇ ਬਣਾਏ ਗਏ ਹਨ ਤਾਂ ਜੋ ਆਵਾਜਾਈ ਪ੍ਰਭਾਵਿਤ ਨਾ ਹੋਵੇ। ਅਖਿਲ ਭਾਰਤੀ ਕਿਸਾਨ ਸਭਾ ਦੀ ਮਹਾਰਾਸ਼ਟਰ ਇਕਾਈ ਦੇ ਜਨਰਲ ਸਕੱਤਰ ਅਜੀਤ ਨਵਲੇ ਨੇ ਕਿਹਾ - ਜਦੋਂ ਵੀ ਪਿਆਜ਼ ਦੀਆਂ ਕੀਮਤਾਂ ਡਿੱਗਦੀਆਂ ਹਨ, ਕਿਸਾਨਾਂ ਨੂੰ ਸਰਕਾਰ ਤੋਂ ਸਿਰਫ਼ ਭਰੋਸਾ ਮਿਲਦਾ ਹੈ, ਨਿਆਂ ਨਹੀਂ। ਅਸੀਂ ਦੁੱਧ ਉਤਪਾਦਕਾਂ ਦਾ ਮੁੱਦਾ ਉਠਾਉਂਦੇ ਰਹੇ ਹਾਂ ਪਰ ਸਰਕਾਰ ਸਿਰਫ਼ ਭਰੋਸਾ ਹੀ ਦੇ ਰਹੀ ਹੈ। ਕਿਸਾਨ ਇਨਸਾਫ਼ ਲਈ ਸਰਕਾਰ ’ਤੇ ਦਬਾਅ ਬਣਾਉਣ ਦੇ ਮਕਸਦ ਨਾਲ ਪੈਦਲ ਮਾਰਚ ਕੱਢ ਰਹੇ ਹਨ। ਨਾਸਿਕ ਵਿਚ ਇਹ ਤੀਜਾ ਅਜਿਹਾ ਅੰਦੋਲਨ ਹੈ। ਕਿਸਾਨਾਂ ਨੇ 2018 ਅਤੇ 2019 ਵਿਚ ਵੀ ਪੈਦਲ ਮਾਰਚ ਕੱਢਿਆ ਸੀ। ਦੋਵੇਂ ਵਾਰ ਸਰਕਾਰ ਨੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦੇ ਕੇ ਅੰਦੋਲਨ ਬੰਦ ਕਰਵਾਇਆ ਸੀ। ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਮੰਗਲਵਾਰ ਨੂੰ ਕਿਸਾਨਾਂ ਦੇ ਨੇਤਾਵਾਂ ਨੂੰ ਮੰਤਰਾਲਿਆ 'ਚ ਗੱਲਬਾਤ ਲਈ ਬੁਲਾਇਆ ਸੀ ਪਰ ਇਸ ਨੂੰ ਦਰਕਿਨਾਰ ਕਰਦੇ ਹੋਏ ਕਿਸਾਨ ਪੈਦਲ ਮਾਰਚ 'ਤੇ ਚਲੇ ਗਏ।