ਬਿਹਾਰ 'ਚ ਨਿਰਮਾਣ ਅਧੀਨ ਪੁਲ ਦਾ ਹਿੱਸਾ ਡਿੱਗਣ ਕਾਰਨ 1 ਮੌਤ, ਕਈਆਂ ਦੇ ਦੱਬੇ ਹੋਣ ਦਾ ਖਦਸ਼ਾ

ਸੁਪੌਲ, 22 ਮਾਰਚ : ਬਿਹਾਰ ਦੇ ਸੁਪੌਲ ਜ਼ਿਲੇ ਵਿਚ ਅੱਜ ਤੜਕੇ ਨਿਰਮਾਣ ਅਧੀਨ ਪੁਲ ਦਾ ਹਿੱਸਾ ਡਿੱਗਣ ਕਾਰਨ ਮਜ਼ਦੂਰ ਦੀ ਮੌਤ ਹੋ ਗਈ ਅਤੇ ਕਈਆਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਇਸ ਘਟਨਾ ਦੌਰਾਨ ਆਸ-ਪਾਸ ਦੇ ਲੋਕ ਮੌਕੇ ‘ਤੇ ਇਕੱਠੇ ਹੋ ਗਏ। 152, 153 ਅਤੇ 154 ਵਿਚਕਾਰਲੇ ਪਿੱਲਰ ਦਾ ਗਰਡਰ ਡਿੱਗ ਗਿਆ ਹੈ। ਇਹ ਪੁਲ 1200 ਕਰੋੜ ਰੁਪਏ ਦੀ ਲਾਗਤ ਨਾਲ ਬਣ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਪੁਲ ਸੁਪੌਲ ਦੇ ਬਕੋਰ ‘ਚ ਬਣ ਰਿਹਾ ਹੈ। ਪੁਲ ਦਾ ਗਰਡਰ ਡਿੱਗਣ ਤੋਂ ਬਾਅਦ ਕੰਪਨੀ ਦੇ ਸਾਰੇ ਲੋਕ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਇਸ ਪੁਲ ਦਾ ਕੰਮ ਟਰਾਂਸ ਰੇਲ ਕੰਪਨੀ ਵੱਲੋਂ ਕੀਤਾ ਜਾ ਰਿਹਾ ਹੈ। ਇੱਥੇ 10.5 ਕਿਲੋਮੀਟਰ ਦਾ ਪੁਲ ਹੈ ਜੋ ਭਾਰਤ ਮਾਲਾ ਪ੍ਰੋਜੈਕਟ ਤਹਿਤ ਬਣਾਇਆ ਜਾ ਰਿਹਾ ਹੈ। ਸੁਪੌਲ ਦੇ ਬਕੋਰ ਤੋਂ ਮਧੂਬਨੀ ਦੇ ਭੀਜਾ ਤੱਕ ਪੁਲ ਬਣਾਇਆ ਜਾਣਾ ਹੈ। ਇਸ ਘਟਨਾ ਤੋਂ ਬਾਅਦ ਤੁਰੰਤ ਰਾਹਤ ਕਾਰਜ ਸ਼ੁਰੂ ਹੋ ਗਏ। ਘਟਨਾ ਤੋਂ ਬਾਅਦ ਸੀਨੀਅਰ ਅਧਿਕਾਰੀ ਵੀ ਪਹੁੰਚ ਗਏ। ਸੁਪੌਲ ਦੇ ਐਸਪੀ ਨੇ ਦੱਸਿਆ ਕਿ ਹੁਣ ਤੱਕ ਇਸ ਘਟਨਾ ਵਿੱਚ ਛੇ ਲੋਕ ਜ਼ਖ਼ਮੀ ਹੋ ਗਏ ਹਨ। ਉਨ੍ਹਾ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਦੂਜੇ ਪਾਸੇ ਘਟਨਾ ਤੋਂ ਬਾਅਦ ਆਸ-ਪਾਸ ਇਕੱਠੇ ਹੋਏ ਲੋਕਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਵਿਅਕਤੀ ਨੇ ਦੱਸਿਆ ਕਿ ਉਸਾਰੇ ਜਾ ਰਹੇ ਪੁਲ ਦੀ ਗੁਣਵੱਤਾ ਠੀਕ ਨਹੀਂ ਹੈ। ਮਜ਼ਦੂਰਾਂ ਨੂੰ ਸੁਰੱਖਿਆ ਦੇ ਨਾਂ ‘ਤੇ ਕੁਝ ਨਹੀਂ ਦਿੱਤਾ ਜਾਂਦਾ। ਸਥਾਨਕ ਲੋਕਾਂ ਮੁਤਾਬਕ ਪੁਲ ਦੇ ਗਰਡਰ ਹੇਠਾਂ ਕਰੀਬ 30 ਮਜ਼ਦੂਰ ਦੱਬੇ ਹੋ ਸਕਦੇ ਹਨ। ਕਈ ਲੋਕਾਂ ਨੂੰ ਬਾਹਰ ਕੱਢ ਕੇ ਇਲਾਜ ਲਈ ਮੋਟਰਸਾਈਕਲ ਰਾਹੀਂ ਸੁਪੌਲ ਲਿਜਾਇਆ ਗਿਆ। ਲੋਕਾਂ ਨੇ ਪੁਲ ਬਣਾਉਣ ਵਾਲੀ ਕੰਪਨੀ ’ਤੇ ਵੀ ਗੰਭੀਰ ਦੋਸ਼ ਲਾਏ।  ਦੱਸਿਆ ਕਿ ਘਟਨਾ ਤੋਂ ਬਾਅਦ ਕੰਪਨੀ ਦਾ ਕੋਈ ਅਧਿਕਾਰੀ ਨਹੀਂ ਆਇਆ। ਛੋਟਾ ਸਟਾਫ ਵੀ ਨਹੀਂ ਆਇਆ। ਮੌਕੇ ‘ਤੇ ਮੌਜੂਦ ਮੁਖੀ ਸੁਰਿੰਦਰ ਯਾਦਵ ਨੇ ਦੱਸਿਆ ਕਿ ਅਸੀਂ ਕੰਪਨੀ ਨੂੰ ਵਾਰ-ਵਾਰ ਸ਼ਿਕਾਇਤ ਕਰਦੇ ਸੀ। ਉਲਟਾ ਸਾਨੂੰ ਧਮਕੀਆਂ ਦਿੱਤੀਆਂ ਗਈਆਂ ਕਿ ਸਾਨੂੰ ਜੇਲ੍ਹ ਭੇਜ ਦਿੱਤਾ ਜਾਵੇਗਾ। ਤੁਸੀਂ ਲੋਕ ਫਿਰੌਤੀ ਮੰਗਣ ਆਉਂਦੇ ਹੋ। ਸੁਰਿੰਦਰ ਯਾਦਵ ਨੇ ਦੱਸਿਆ ਕਿ ਮਜ਼ਦੂਰਾਂ ਦੀ ਗਿਣਤੀ 40 ਤੋਂ 50 ਹੋ ਸਕਦੀ ਹੈ।