ਪ੍ਰਧਾਨ ਬਾਦਲ ਨਾਲ ਜ਼ਾਹਿਦਾ ਸੁਲੇਮਾਨ ਨੇ ਕੀਤੀ ਮੁਲਾਕਾਤ, ਮਲੇਰੋਕਟਲਾ ਦੇ ਪਛੜੇਪਣ ਅਤੇ ਸਿਆਸਤ ਬਾਰੇ ਹੋਈ ਵਿਚਾਰ-ਚਰਚਾ

ਚੰਡੀਗੜ੍ਹ : ਸੀਨੀਅਰ ਪੱਤਰਕਾਰ ਜ਼ਾਹਿਦਾ ਸੁਲੇਮਾਨ ਨੇ ਸੈਕਟਰ-9 ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਜਿਸ ਦੌਰਾਨ ਮਲੇਰੋਕਟਲਾ ਦੇ ਪਛੜੇਪਣ ਅਤੇ ਸਿਆਸਤ ਬਾਰੇ ਵਿਚਾਰ-ਚਰਚਾ ਹੋਈ। ਸੁਖਬੀਰ ਸਿੰਘ ਬਾਦਲ ਨਾਲ ਗੱਲਬਾਤ ਤੋਂ ਬਾਅਦ ਜ਼ਾਹਿਦਾ ਸੁਲੇਮਾਨ ਨੇ ਦੱਸਿਆ ਕਿ ਸੁਖਬੀਰ ਬਾਦਲ ਮਲੇਰਕੋਟਲਾ ਸ਼ਹਿਰ ਦੀ ਇਤਿਹਾਸਕਤਾ ਅਤੇ ਭਾਈਚਾਰਕ ਸਾਂਝ ਤੋਂ ਬਹੁਤ ਪ੍ਰਭਾਵਤ ਹਨ, ਪਰ ਨਾਲ ਹੀ ਉਨ੍ਹਾਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਜਿਸ ਢੰਗ ਨਾਲ ਮਲੇਰਕੋਟਲਾ ਦਾ ਵਿਕਾਸ ਹੋਣਾ ਚਾਹੀਦਾ ਸੀ, ਉਹ ਨਹੀਂ ਹੋਇਆ। ਉਨ੍ਹਾਂ ਦੀ ਇੱਛਾ ਹੈ ਕਿ ਮਲੇਰਕੋਟਲਾ ਨੂੰ ਨਮੂਨੇ ਦਾ ਸ਼ਹਿਰ ਬਣਾਇਆ ਜਾਣਾ ਚਾਹੀਦਾ ਹੈ ਅਤੇ ਇਸ ਦੀ ਇਤਿਹਾਸਕਤਾ ਅਤੇ ਧਾਰਮਕ ਮਹੱਤਤਾ ਨੂੰ ਸੰਭਾਲਦੇ ਹੋਏ ਇਸ ਨੂੰ ਧਾਰਮਕ ਪੱਖ ਤੋਂ ਵਿਕਸਿਤ ਕਰਨਾ ਚਾਹੀਦਾ ਹੈ।ਨਵਾਬ ਸ਼ੇਰ ਮੁਹੰਮਦ ਖ਼ਾਨ ਵਲੋਂ ਹਾਅ ਦਾ ਨਾਹਰਾ ਮਾਰਨ ਕਰਕੇ ਸਿੱਖ ਧਰਮ ਵਿਚ ਇਸ ਸ਼ਹਿਰ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ, ਇਸ ਲਈ ਅਕਾਲੀ ਦਲ ਸੱਤਾ ਵਿਚ ਆਉਂਦਿਆਂ ਹੀ, ਇਸ ਸ਼ਹਿਰ ਨੂੰ ਉਸੇ ਢੰਗ ਨਾਲ ਵਿਕਸਿਤ ਕਰੇਗਾ, ਜਿਸ ਢੰਗ ਨਾਲ ਸਿੱਖ ਇਤਿਹਾਸਕਤਾ ਰੱਖਣ ਵਾਲੇ ਸ਼ਹਿਰਾਂ ਨੂੰ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਅਪਣੀਆਂ ਸਰਕਾਰਾਂ ਵਿਚ ਸਾਰੇ ਧਰਮਾਂ ਤੇ ਵਰਗਾਂ ਦੇ ਲੋਕਾਂ ਨੂੰ ਨੁਮਾਇੰਦਗੀ ਦਿਤੀ ਹੈ ਪਰ ਇਸ ਬਾਰ ਆਮ ਆਦਮੀ ਪਾਰਟੀ ਨੇ ਮੁਸਲਿਮ ਨੇਤਾ ਨੂੰ ਕੈਬਨਿਟ ਵਿਚ ਸਥਾਨ ਨਾ ਦੇ ਕੇ ਮੁਸਲਮਾਨਾਂ ਨਾਲ ਧੋਖਾ ਕੀਤਾ ਹੈ ਅਤੇ ਅਪਣੀ ਫਿ਼ਰਕੂ ਸੋਚ ਦਾ ਸਬੂਤ ਦਿਤਾ ਹੈ। ਉਨ੍ਹਾਂ ਕਿਹਾ ਕਿ ਮੁਸਲਿਮ ਜਾਇਦਾਦਾਂ ਨਾਲ ਸਬੰਧਤ ਪੰਜਾਬ ਵਕਫ਼ ਬੋਰਡ ਰਿਸ਼ਵਤ ਦਾ ਅੱਡਾ ਬਣ ਚੁੱਕਾ ਹੈ, ਬੋਰਡ ਦੀਆਂ ਜ਼ਮੀਨਾਂ ਉਪਰ ਨਾਜਾਇਜ਼ ਕਬਜ਼ੇ ਕਰਵਾਏ ਜਾ ਰਹੇ ਹਨ ਪਰ ਅਕਾਲੀ ਦਲ ਦੇ ਸੱਤਾ ਵਿਚ ਆਉਣ ਤੋਂ ਬਾਅਦ ਬੋਰਡ ਦੀਆਂ ਜ਼ਮੀਨਾਂ ਛੁਡਾਈਆਂ ਜਾਣਗੀਆਂ ਅਤੇ ਮੁਸਲਿਮ ਸਮਾਜ ਦੇ ਵਿਦਿਅਕ ਅਦਾਰਿਆਂ ਨੂੰ ਪ੍ਰਫੁਲਤ ਕੀਤਾ ਜਾਵੇਗਾ। ਜਦ ਅਕਾਲੀ ਦਲ ਦੀ ਸਰਕਾਰ ਬਣੇਗੀ ਤਾਂ ਮਲੇਰਕੋਟਲਾ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਇਥੋਂ ਦੀ ਭਾਈਚਾਰਕ ਸਾਂਝ ਨੂੰ ਦੁਨੀਆਂ ਤਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਜਿਥੇ ਬਾਕੀ ਧਰਮਾਂ ਦਾ ਸਤਿਕਾਰ ਕਰਦਾ, ਉਥੇ ਇਸਲਾਮ ਧਰਮ ਨੂੰ ਮੰਨਣ ਵਾਲਿਆਂ ਨੂੰ ਵੀ ਪਾਰਟੀ ਵਿਚ ਮੁੱਖ ਨੁਮਾਇੰਦਗੀ ਦਿਤੀ ਹੈ। ਉਨ੍ਹਾਂ ਮਲੇਰਕੋਟਲਾ ਦੇ ਲੋਕਾਂ ਨੂੰ ਅਕਾਲੀ ਦਲ ਨਾਲ ਜੁੜਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਅਕਾਲੀ ਦਲ ਬਹੁਤ ਜਲਦ ਅਪਣੇ ਜਥੇਬੰਧਕ ਢਾਂਚੇ ਦਾ ਐਲਾਨ ਕਰਨ ਜਾ ਰਿਹਾ ਹੈ ਅਤੇ ਮਲੇਰਕੋਟਲਾ ਤੋਂ ਵੀ ਲੋਕਾਂ ਨੂੰ ਇਕ ਮਜ਼ਬੂਤ ਲੀਡਰ ਦਿਤਾ ਜਾਵੇਗਾ।