ਨੌਜਵਾਨ ਸਰਕਾਰ ਦੀਆਂ ਸਵੈ ਰੋਜ਼ਗਾਰ ਸਕੀਮਾਂ ਦਾ ਲਾਹਾ ਲੈ ਕੇ ਆਪਣੇ ਪੈਰ੍ਹਾਂ ਤੇ ਖੜੇ ਹੋਣ

ਫ਼ਤਹਿਗੜ੍ਹ ਸਾਹਿਬ, 29 ਜਨਵਰੀ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਾਲ ਜੋੜਨ ਲਈ ਸਵੈ ਰੋਜ਼ਗਾਰ ਲਈ ਵੀ ਉਤਸ਼ਾਹਤ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਸਵੈ ਰੋਜ਼ਗਾਰ ਵਾਸਤੇ ਕਈ ਕਰਜ਼ਾ ਸਕੀਮਾਂ ਵੀ ਚਲਾਈਆਂ ਜਾ ਰਹੀਆਂ ਹਨ। ਜਿਨ੍ਹਾਂ ਦਾ ਲਾਭ ਲੈ ਕੇ ਨੌਜਵਾਨ ਆਪਣਾ ਸਵੈ ਰੋਜ਼ਗਾਰ ਸ਼ੁਰੂ ਕਰ ਸਕਦੇ ਹਨ। ਸਵੈ ਰੋਜ਼ਗਾਰ ਨਾਲ ਜੁੜੀਆਂ ਸਕੀਮਾਂ ਦੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।  
ਉਕਤ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਅਫਸਰ ਰੁਪਿੰਦਰ ਕੌਰ ਕੌਰ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਵੱਲੋਂ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਵਾਉਣ ਵਿੱਚ ਵੀ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵੱਖ ਵੱਖ ਸਵੈ ਰੋਜ਼ਗਾਰ ਸਕੀਮਾਂ ਅਧੀਨ ਪ੍ਰਾਰਥੀ ਵਿੱਤੀ ਸਹਾਇਤਾ ਪ੍ਰਾਪਤ ਕਰ ਕੇ ਸਵੈ ਰੋਜਗਾਰ ਸ਼ੁਰੂ ਕਰ ਸਕਦੇ ਹਨ। ਉਨ੍ਹਾਂ ਸਵੈ ਰੋਜ਼ਗਾਰ ਦੀਆਂ ਮੁੱਖ ਸਕੀਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਪ੍ਰਾਰਥੀ ਅਨੁਸੂਚਿਤ ਜਾਤੀ ਅਤੇ ਭੌਂ ਵਿਕਾਸ ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈ ਸਕਦੇ ਹਨ ਜਦੋਂ ਕਿ ਪਛੜੀ ਜਾਤੀ ਵਰਗ ਨਾਲ ਸਬੰਧਤ ਪ੍ਰਾਰਥੀ ਬੈਕਫਿੰਕੋ ਵਿਭਾਗ ਦੀਆਂ ਸਕੀਮਾਂ ਦਾ ਲਾਹਾ ਲੈ ਸਕਦੇ ਹਨ। ਇਸ ਤੋਂ ਇਲਾਵਾ ਸੇਵਾ ਦੇ ਖੇਤਰ ਵਿੱਚ ਕਿਸੇ ਵੀ ਕੰਮ ਲਈ ਵੱਧ ਤੋਂ ਵੱਧ 20 ਲੱਖ ਦਾ ਕਰਜ਼ਾ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਮੁਹੱਈਆ ਕਰਵਾਇਆ ਜਾਂਦਾ ਹੈ ਜਦੋਂ ਕਿ ਮੈਨੂਫੈਕਚਰਿੰਗ ਖੇਤਰ ਵਿੱਚ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ  50 ਲੱਖ ਤੱਕ ਦੀ ਵਿੱਤੀ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਜਿਸ ਵਿੱਚ ਮੁਦਰਾ ਸਕੀਮ ਮੁੱਖ ਹੈ, ਦਾ ਵੀ ਪ੍ਰਾਰਥੀ ਲਾਭ ਲੈ ਸਕਦੇ ਹਨ। ਉਕਤ ਸਕੀਮਾਂ ਦਾ ਲਾਭ ਲੈਣ ਲਈ ਪ੍ਰਾਰਥੀ ਪਾਸ ਆਧਾਰ ਕਾਰਡ, ਪੈਨ ਕਾਰਡ, ਫੋਟੋਆਂ, ਜਾਤੀ ਸਰਟੀਫਿਕੇਟ ਅਤੇ ਵਿਦਿਅਕ  ਯੋਗਤਾ ਦੇ ਸਰਟੀਫਿਕੇਟ ਲੋੜੀਂਦੇ ਹਨ। ਪ੍ਰਾਰਥੀ ਸਵੈ ਰੋਜਗਾਰ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ,  ਫਤਹਿਗੜ੍ਹ ਸਾਹਿਬ ਦੇ ਹੈਲਪਲਾਈਨ ਨੰਬਰ 99156-82436 ਤੇ ਸੰਪਰਕ ਕਰ ਸਕਦੇ ਹਨ।