ਨੰਗਲ ਦੇ ਪਿੰਡ ਬੰਦਲੇਹੜੀ ਦੇ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਸ੍ਰੀ ਅਨੰਦਪੁਰ ਸਾਹਿਬ,  13 ਫਰਵਰੀ :  ਨੰਗਲ ਦੇ ਅਧੀਨ ਆਉਂਦੇ ਪਿੰਡ ਬੰਦਲੇਹੜੀ ਨਜ਼ਦੀਕ ਵਾਪਰੇ ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ ਹੋ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ 9-00 ਵਜੇ ਦੇ ਕਰੀਬ ਇੱਕ ਗੱਡੀ ਦੀ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਬੁਰੀ ਤਰ੍ਹਾਂ ਜਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਨੌਜਵਾਨ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਏਐੱਸਆਈ ਕੁਲਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਅਜੇ ਕੁਮਾਰ (27) ਪੁੱਤਰ ਰਜਿੰਦਰ ਕੁਮਾਰ ਵਾਸੀ ਪਿੰਡ ਛੋਟੇਵਾਲ, ਨੰਗਲ ਵਜੋਂ ਹੋਈ ਹੈ। ਦੇਹ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਹਿਮਾਚਲ ਪ੍ਰਦੇਸ਼ ਗੋਲਥਾਈ ਫੈਕਟਰੀ ’ਚ ਨੌਕਰੀ ਕਰਦਾ ਸੀ। 12 ਫਰਵਰੀ ਦੀ ਰਾਤ ਜਦੋਂ ਉਹ ਸ੍ਰੀ ਅਨੰਦਪੁਰ ਸਾਹਿਬ ਤੋਂ ਨੰਗਲ ਵੱਲ ਨੂੰ ਵਾਪਸ ਆ ਰਿਹਾ ਸੀ ਤਾਂ ਇਕ ਗੱਡੀ ਨਾਲ ਉਸ ਦੀ ਟੱਕਰ ਹੋ ਗਈ, ਜਿਸ ਮਗਰੋਂ ਉਹ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਹਸਪਤਾਲ ’ਚ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਕਾਰ ਚਾਲਕ ਫਰਾਰ ਹੋ ਗਿਆ ਸੀ ਅਤੇ ਪੁਲਿਸ ਨੇ ਕਾਰ ਨੂੰ ਕਬਜ਼ੇ ਵਿਚ ਲੈ ਲਿਆ ਹੈ। ਇਸ ਦੇ ਚਲਦਿਆਂ ਮੁਕੱਦਮਾ ਨੰਬਰ 16 ਅਤੇ ਆਈ. ਪੀ. ਸੀ. ਧਾਰਾ 279/304-ਏ, 427 ਤਹਿਤ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਮਹਿਤਪੁਰ ਤੋਂ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਤੱਕ ਸਿੰਗਲ ਸੜਕ ਹੋਣ ਕਾਰਨ ਆਏ ਦਿਨ ਦਰਦਨਾਕ ਸੜਕ ਹਾਦਸੇ ਵਾਪਰ ਰਹੇ ਹਨ।