ਜ਼ਿਲ੍ਹਾ ਕਚਹਿਰੀਆਂ ਵਿੱਚ ਵਿਸ਼ਵ ਯੋਗਾ ਦਿਵਸ ਮਨਾਇਆ

ਫਰੀਦਕੋਟ 21 ਜੂਨ : ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਅਤੇ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐੱਸ.ਏ.ਐੱਸ. ਨਗਰ ਮੋਹਾਲੀ ਦੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਵੱਲੋਂ ਵਿਸ਼ਵ ਯੋਗਾ ਦਿਵਸ 2023 ਦੇ ਮੌਕੇ ਯੋਗਾ ਕੈਂਪ ਦਾ ਆਯੋਜਨ ਜ਼ਿਲ੍ਹਾ ਕਚਹਿਰੀਆਂ ਫਰੀਦਕੋਟ ਵਿਖੇ ਸ੍ਰੀਮਤੀ ਨਵਜੋਤ ਕੌਰ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਰਾਜੀਵ ਕਾਲੜਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਅਤੇ ਮੈਡਮ ਦਮਨਦੀਪ ਕਮਲ ਹੀਰਾ ਇੰਚਾਰਜ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਦੀ ਰਹਿਨੁਮਾਈ ਹੇਠ ਕੀਤਾ ਗਿਆ। ਜਿਸ ਵਿੱਚ ਜ਼ਿਲ੍ਹਾ ਕਚਹਿਰੀਆਂ ਦੇ ਸਮੂਹ ਸਟਾਫ, ਵਕੀਲ ਸਾਹਿਬਾਨ, ਅਤੇ ਉਨ੍ਹਾਂ ਦੇ ਕਰਮਚਾਰੀਆਂ ਵੱਲੋਂ ਵਧ ਚੜ੍ਹ ਕੇ ਸ਼ਿਰਕਤ ਕੀਤੀ ਗਈ। ਇਸ ਯੋਗਾ ਕੈਂਪ ਵਿੱਚ ਸ੍ਰੀ ਰਾਜੀਵ ਕਾਲੜਾ ਵਧੀਕ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਅਤੇ ਉਨ੍ਹਾਂ ਦੀ ਪਤਨੀ ਵੱਲੋਂ ਯੋਗਾ ਕੈਂਪ ਵਿੱਚ ਸ਼ਾਮਿਲ ਸਮੂਹ ਭਾਗੀਦਾਰਾਂ ਨੂੰ ਯੋਗ-ਪ੍ਰਣਾਲੀ ਰਾਹੀਂ ਯੋਗਾ ਕਰਵਾਇਆ ਗਿਆ ਅਤੇ ਯੋਗਾ ਤੋਂ ਹੋਣ ਵਾਲੇ ਸਰੀਰਕ ਅਤੇ ਮਾਨਸਿਕ ਲਾਭਾਂ ਬਾਰੇ ਵਿਸਥਾਰ-ਪੂਰਵਕ ਜਾਣੂ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਹਰੇਕ ਵਿਅਕਤੀ ਨੂੰ ਯੋਗਾ ਨੂੰ ਆਪਣੀ ਨਿੱਤ-ਦਿਨ ਦੀ ਜ਼ਿੰਦਗੀ ਵਿੱਚ ਸ਼ਾਮਿਲ ਕਰਦੇ ਹੋਏ ਉਸ ਤੋਂ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਯੋਗ ਨਾਲ ਜਿੱਥੇ ਅਸੀਂ ਆਪਣੀਆਂ ਸਰੀਰਿਕ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਉੱਥੇ ਮਾਨਸਿਕ ਬਿਮਾਰੀਆਂ ਤੋਂ ਵੀ ਦੂਰ ਰਹਿ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਅੱਜਕਲ੍ਹ ਜ਼ਿੰਦਗੀ ਬਹੁਤ ਤੇਜ਼ ਹੋ ਚੁੱਕੀ ਹੈ ਜਿਸ ਕਰਕੇ ਹਰ ਆਦਮੀ ਕਿਸੇ ਨਾ ਕਿਸੇ ਮਾਨਸਿਕ ਤਨਾਅ ਦੇ ਵਿੱਚ ਰਹਿੰਦਾ ਹੈ ਜਿਸ ਨੂੰ ਯੋਗ ਦੁਆਰਾ ਦੂਰ ਕੀਤਾ ਜਾ ਸਕਦਾ ਹੈ ਅਤੇ ਆਪਣੇ ਕੰਮ ਕਰਨ ਦੀ ਸਮਰਥਾ ਨੂੰ ਵਧਾ ਅਤੇ ਸੁਧਾਰ ਸਕਦਾ ਹੈ। ਯੋਗਾ ਕੈਂਪ ਦੀ ਸਮਾਪਤੀ ਮੌਕੇ ਮੈਡਮ ਦਮਨਦੀਪ ਕਮਲ ਹੀਰਾ ਇੰਚਾਰਜ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਆਏ ਹੋਏ ਸਮੂਹ ਭਾਗੀਦਾਰਾਂ ਦਾ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਯੋਗਾ ਕੈਂਪ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ।