ਦੁਨੀਆ ਦਾ ਸਭ ਤੋਂ ਵੱਡਾ ਦੀਵਾ ਜਗਾ ਕੇ ਕਾਇਮ ਕੀਤਾ ਵਿਸ਼ਵ ਰਿਕਾਰਡ

ਮੋਹਾਲੀ : ਵੀਆਈਪੀ ਸ਼ਹਿਰ ਮੋਹਾਲੀ ਦੇ ਲੋਕਾਂ ਨੇ ਦੀਵਾਲੀ ਮੌਕੇ ਦੁਨੀਆ ਦਾ ਸਭ ਤੋਂ ਵੱਡਾ ਦੀਵਾ ਜਗਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਇਸ ਦੀਵੇ ਰਾਹੀਂ ਵਿਸ਼ਵ ਸ਼ਾਂਤੀ, ਧਰਮ ਨਿਰਪੱਖਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ। ਇਸ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋ ਗਿਆ ਹੈ। ਸੈਕਟਰ-88 ਸਥਿਤ ਹੀਰੋ ਹੋਮਜ਼ ਸੁਸਾਇਟੀ ਵਿੱਚ ਦੀਵਾਲੀ ਮੌਕੇ ਸਮਾਗਮ ਕਰਵਾਇਆ ਗਿਆ। ਲੈਫਟੀਨੈਂਟ ਜਨਰਲ (ਸੇਵਾਮੁਕਤ) ਕੇਜੇ ਸਿੰਘ ਪੀਵੀਐਸਐਮ, ਏਵੀਐਸਐਮ, ਸਾਬਕਾ ਜੀਓਸੀ ਪੱਛਮੀ ਕਮਾਂਡ ਨੇ ਦੀਵਾ ਜਗਾਇਆ। ਇਸ ਵਿੱਚ ਵੱਡੀ ਗਿਣਤੀ ਵਿੱਚ ਇਲਾਕੇ ਦੀਆਂ ਮੋਹਤਬਰ ਸ਼ਖਸੀਅਤਾਂ ਅਤੇ ਲੋਕਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਦੱਸਿਆ ਗਿਆ ਕਿ ਦੀਵੇ ਦਾ ਵਿਆਸ 3.37 ਮੀਟਰ ਹੈ। ਇਹ 1000 ਕਿਲੋਗ੍ਰਾਮ ਸਟੇਨਲੈਸ ਸਟੀਲ ਨਾਲ ਬਣਾਇਆ ਗਿਆ ਹੈ। 3560 ਲੀਟਰ ਸਰ੍ਹੋਂ ਦੇ ਤੇਲ ਨਾਲ ਦੀਵਾ ਜਗਾਇਆ ਗਿਆ। ਇਸ ਤੋਂ ਪਹਿਲਾਂ ਦੁਨੀਆ ਦਾ ਸਭ ਤੋਂ ਵੱਡਾ ਦੀਵਾ 2247 ਲੀਟਰ ਤੇਲ ਨਾਲ ਜਗਾਇਆ ਗਿਆ ਸੀ। ਕੇਜੇ ਸਿੰਘ ਨੇ ਕਿਹਾ ਕਿ ਪੰਜਾਬ ਨੇ ਕਈ ਦਹਾਕਿਆਂ ਵਿੱਚ ਸਭ ਤੋਂ ਵੱਧ ਸੰਘਰਸ਼ ਦੇਖਿਆ ਹੈ, ਹੁਣ ਇਹ ਸ਼ਾਂਤੀ ਦਾ ਸਭ ਤੋਂ ਵੱਡਾ ਪ੍ਰਤੀਕ ਸਥਾਨ ਹੈ। ਇਸ ਦੇ ਨਾਲ ਹੀ ਹੀਰੋ ਕੰਪਨੀ ਦੇ ਸੀਈਓ ਆਸ਼ੀਸ਼ ਕੌਲ ਨੇ ਕਿਹਾ ਕਿ ਦੁਨੀਆ ਨੂੰ ਇਸ ਵੇਲੇ ਸ਼ਾਂਤੀ ਦੀ ਸਭ ਤੋਂ ਵੱਧ ਲੋੜ ਹੈ। ਇਹ ਦੀਵਾ ਉਸ ਸ਼ਾਂਤੀ ਦਾ ਪ੍ਰਤੀਕ ਬਣਿਆ ਰਹੇਗਾ। ਉਨ੍ਹਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਇਹ ਅਖੰਡ ਜੋਤੀ ਜਗਦੀ ਰਹੇ। ਉਨ੍ਹਾਂ ਨੇ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।