ਮਾਲਵਾ ਸਭਿਆਚਾਰ ਮੰਚ ਲੁਧਿਆਣਾ ਵੱਲੋਂ ਵਿਸ਼ਵ ਕਵਿਤਾ ਦਿਵਸ ਮਨਾਇਆ ਗਿਆ

  • ਕਵਿਤਾ ਪੰਘੂੜੇ ਦੀਆਂ ਲੋਰੀਆਂ ਤੋਂ ਲੈ ਕੇ ਅਰਥੀ ਦੇ ਵੈਣਾਂ ਤੀਕ ਮਨੁੱਖ ਨਾਲ ਨਿਭਦੀ ਹੈ : ਗੁਰਭਜਨ ਗਿੱਲ

ਲੁਧਿਆਣਾਃ 21 ਮਾਰਚ : ਮਾਲਵਾ ਸੱਭਿਆਚਾਰ ਮੰਚ ਲੁਧਿਆਣਾ ਵੱਲੋਂ ਵਿਸ਼ਵ ਕਵਿਤਾ ਦਿਵਸ ਮੌਕੇ  ਵਿਚਾਰ ਵਟਾਂਦਰਾ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਪੰਜਾਬੀ ਕਵੀ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਅੱਜ ਜਦ ਵਿਸ਼ਵ ਕਵਿਤਾ ਦਿਵਸ ਨੂੰ ਪੂਰੀ ਦੁਨੀਆਂ ਦੇ ਕਾਵਿ ਸਿਰਜਕ ਚੇਤੇ ਕਰ ਰਹੇ ਨੇ,ਜਸ਼ਨ ਵਾਂਗ ਮਨਾ ਰਹੇ ਨੇ ਤਾਂ ਇਹ ਯਾਦ ਰੱਖਣਾ ਕਿ ਭਾਸ਼ਾ ਕੋਈ ਵੀ ਹੋਵੇ, ਕਵਿਤਾ ਹੀ ਮਾਨਵ ਅਭਿਵਿਅਕਤੀ ਦਾ ਸਾਧਨ ਰਹੀ ਹੈ।ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਤੇ ਸ਼੍ਰੋਮਣੀ ਪੰਜਾਬੀ ਕਵੀ ਪ੍ਰੋਃ ਰਵਿੰਦਰ ਸਿੰਘ ਭੱਠਲ ਨੇ ਕਿਹਾ ਕਿ ਕਵਿਤਾ ਦੀ ਹੋਂਦ ਨਾ ਹੁੰਦੀ ਤਾਂ ਮਨੁੱਖ ਨੂੰ ਜੀਣ ਤੇ ਥੀਣ ਦੀ ਜਾਚ ਨਹੀਂ ਸੀ ਆਉਣੀ। ਤੋਤਲੇ ਮਾਸੂਮ ਬੱਚਿਆਂ ਨੂੰ ਲੋਰੀਆਂ ਨਹੀਂ ਸੀ ਮਿਲਣੀਆਂ। ਸਿਵਿਆਂ ਦੇ ਅੰਬਰ ਚੀਰਵੇਂ ਵੈਣ ਵੀ ਕਵਿਤਾ ਬਿਨ ਦਰਦ ਨਹੀਂ ਕਸ਼ੀਦਦੇ। ਸੁਰੀਲੇ ਪੰਜਾਬੀ ਕਵੀ ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਦਿਲ ਦਰਵਾਜ਼ੇ ਥਾਣੀਂ ਕਵਿਤਾ ਹੀ ਲੰਘ ਸਕਦੀ ਹੈ। ਕਵਿਤਾ ਸਿਰਫ਼ ਸਿਰਜਕ ਦੀ ਹੀ ਨਹੀਂ ਸਗੋਂ ਨਿਤਾਣਿਆਂ ਦਾ ਤਾਣ ਵੀ ਬਣਦੀਆਂ ਹਨ। ਮਾਲਵਾ ਸੱਭਿਆਚਾਰ ਮੰਚ  ਲੁਧਿਆਣਾ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਸਾਹਿੱਤ ਸੱਭਿਆਚਾਰ ਦੀ ਉਂਗਲੀ ਫੜਨਾ ਸਾਨੂੰ ਕਵਿਤਾ ਹੀ ਸਿਖਾਉਂਦੀ ਹੈ। ਬਚਪਨ ਤੋਂ ਲੈ ਕੇ ਅੱਜ ਤੀਕ ਹਰ ਸੰਕਟ ਵੇਲੇ ਕਵਿਤਾਵਾਂ ਹੀ ਮੇਰੇ ਸੰਗ ਸਾਥ ਰਹਿੰਦੀਆਂ ਹਨ। ਇਨ੍ਹਾਂ ਸ਼ਬਦਾਂ ਸਹਾਰੇ ਹੀ ਮੈਂ ਵਰ੍ਹਦੀਆਂ ਗੋਲੀਆਂ ਵਿੱਚ ਵੀ ਨਹੀਂ ਸਾਂ ਡੋਲਿਆ। ਸੂਰਾ ਲੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਸਾਨੂੰ ਕਵਿਤਾ ਹੀ ਸਿਖਾਉਂਦੀ ਹੈ। ਉਨ੍ਹਾਂ ਪੰਜਾਬੀ ਕਵੀਆਂ ਪ੍ਰੋਃ ਰਵਿੰਦਰ ਸਿੰਘ ਭੱਠਲ, ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਤਖੈਲੋਚਨ ਲੋਚੀ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਮਾਲਵਾ ਸਭਿਆਚਾਰ ਮੰਚ ਨੂੰ ਇਸ ਮੀਟਿੰਗ ਵਿੱਚ ਸ਼ਾਮਿਲ ਹੋ ਕੇ ਧੰਨਵਾਦ ਦੇ ਪਾਤਰ ਬਣਾਇਆ ਹੈ। ਇਸ ਮੌਕੇ ਕੇਕ ਕੱਟ ਕੇ ਵਿਸ਼ਵ ਕਵਿਤਾ ਦਿਵਸ ਮਨਾਇਆ ਗਿਆ।