ਵਿਸ਼ਵ ਬੈਂਕ ਦੇ ਵਫਦ ਨੇ ਪੀ ਏ ਯੂ ਨਾਲ ਸਹਿਯੋਗ ਬਾਰੇ ਚਰਚਾ ਕੀਤੀ

ਲੁਧਿਆਣਾ, 12 ਜੂਨ : ਵਿਸ਼ਵ ਬੈਂਕ ਦੇ ਮਾਹਿਰਾਂ ਦੇ ਇੱਕ ਵਫ਼ਦ ਨੇ ਨੈਸ਼ਨਲ ਐਗਰੀਕਲਚਰਲ ਹਾਇਰ ਐਜੂਕੇਸ਼ਨ ਪ੍ਰੋਜੈਕਟ ਦੀ ਸਮੀਖਿਆ ਕਰਨ ਅਤੇ ਭਵਿੱਖ ਵਿੱਚ ਖੋਜ ਵਿਚ ਸਹਿਯੋਗ ਬਾਰੇ ਚਰਚਾ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਵਫ਼ਦ ਵਿੱਚ ਵਿਸ਼ਵ ਬੈਂਕ ਵਿੱਚ ਸੀਨੀਅਰ ਖੇਤੀਬਾੜੀ ਅਰਥ ਸ਼ਾਸਤਰੀ ਅਤੇ ਟੀਮ ਆਗੂ ਸ਼੍ਰੀ ਬੇਕਜ਼ੋਦ ਸ਼ਮਸੀਏਵ ਅਤੇ ਵਿਸ਼ਵ ਬੈਂਕ ਦੇ ਸਲਾਹਕਾਰ ਡਾ. ਗੈਰੀ ਬੋਇਲ ਸ਼ਾਮਲ ਸਨ। ਇਸ ਵਫਦ ਨੇ ਚੰਡੀਗੜ੍ਹ ਵਿਖੇ ਪੀਏਯੂ ਦੇ ਵਾਈਸ-ਚਾਂਸਲਰ ਡਾ: ਸਤਬੀਰ ਸਿੰਘ ਗੋਸਲ ਨਾਲ ਵਿਚਾਰ-ਵਟਾਂਦਰਾ ਕੀਤਾ | ਡਾ. ਗੋਸਲ ਨੇ ਪੰਜਾਬ ਨੂੰ ਦਰਪੇਸ਼ ਖੇਤੀਬਾੜੀ ਚੁਣੌਤੀਆਂ ਜਿਵੇਂ ਮੌਸਮੀ ਤਬਦੀਲੀ, ਪਾਣੀ ਦੀ ਕਮੀ ਅਤੇ ਵਾਤਾਵਰਨ ਸੁਰੱਖਿਆ ਦਾ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕੱਦੂ ਦੀ ਤਕਨੀਕ ਨਾਲ ਝੋਨੇ ਦੀ ਬਿਜਾਈ ਹਾਨੀਕਾਰਕ ਮੀਥੇਨ ਅਤੇ ਕਾਰਬਨ ਮੋਨੋਆਕਸਾਈਡ ਛੱਡਦੀ ਹੈ। ਇਸ ਤੋਂ ਇਲਾਵਾ, ਖੇਤੀ ਰਸਾਇਣਾਂ ਦੀ ਵਰਤੋਂ ਮਿੱਟੀ, ਪਾਣੀ ਅਤੇ ਹਵਾ ਵਿਬਿਸ ਢੰਗ ਨਾਲ ਦੂਸ਼ਿਤ ਹੁੰਦੀ ਹੈ। ਡਾ. ਗੋਸਲ ਨੇ ਖੇਤੀ-ਰਸਾਇਣਕ ਵਰਤੋਂ ਨੂੰ ਘੱਟ ਕਰਨ ਲਈ ਸੰਯੁਕਤ ਪੌਸ਼ਟਿਕ ਪ੍ਰਬੰਧਨ, ਸੰਯੁਕਤ ਕੀਟ ਪ੍ਰਬੰਧਨ, ਅਤੇ ਸੰਯੁਕਤ ਰੋਗ ਪ੍ਰਬੰਧਨ ਵਿੱਚ ਪੀਏਯੂ ਦੀਆਂ ਖੋਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਝੋਨੇ ਦੀ ਕਾਸ਼ਤ ਲਈ ਪੀਏਯੂ ਦੀ ਬਦਲਵੀਂ ਤਰ ਵੱਤਰ ਤਕਨੀਕ ਬਾਰੇ ਵੀ ਦੱਸਿਆ, ਜੋ ਪਾਣੀ ਦੀ ਬਚਤ ਅਤੇ ਵਾਤਾਵਰਣ ਦੀ ਰੱਖਿਆ ਕਰਦੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਬਾਇਓ ਕੀਟਨਾਸ਼ਕਾਂ ਅਤੇ ਜੈਵਿਕ ਖਾਦਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਡਾ. ਗੋਸਲ ਨੇ ਖਾਸ ਕਰਕੇ ਪੀ ਏ ਯੂ ਦੀਆਂ ਖੋਜ ਪਹਿਲਕਦਮੀਆਂ ਬਾਰੇ ਦੱਸਦਿਆਂ ਪ੍ਰੋਸੈਸਿੰਗ ਸੁਵਿਧਾਵਾਂ, ਮੁੱਲ ਵਾਧੇ ਅਤੇ ਵੰਡ ਲੜੀ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਬਾਸਮਤੀ, ਸਰਦੀਆਂ ਦੀਆਂ ਸਬਜ਼ੀਆਂ, ਕਿੰਨੂ, ਅਮਰੂਦ, ਲੀਚੀ, ਹਰੇ ਮਟਰ, ਮਿਰਚ, ਲਸਣ, ਫੁੱਲਾਂ ਦੇ ਬੀਜ, ਹਲਦੀ ਪਾਊਡਰ ਅਤੇ ਸ਼ਹਿਦ ਸਮੇਤ ਵੱਖ-ਵੱਖ ਫਸਲਾਂ ਦੀ ਕਾਸ਼ਤ ਅਤੇ ਮੰਡੀਕਰਨ ਦੀਆਂ ਸੰਭਾਵਨਾਵਾਂ ਬਾਰੇ ਵੀ ਵਿਚਾਰ ਪੇਸ਼ ਕੀਤੇ। ਵਿਸ਼ਵ ਬੈਂਕ ਦੀ ਟੀਮ ਨੇ ਕਿਸਾਨਾਂ ਲਈ ਕੋਲਡ ਸਟੋਰੇਜ ਸੁਵਿਧਾਵਾਂ ਵਧਾਉਣ ਦਾ ਸੁਝਾਅ ਦਿੱਤਾ। ਪੰਜਾਬ ਵਿੱਚ ਮਿਆਰੀ ਉਤਪਾਦਨ ਨੂੰ ਵਧਾਉਣ ਲਈ ਕਿਸਾਨ ਉਤਪਾਦਕ ਸੰਗਠਨਾਂ  ਨੂੰ ਮੰਡੀਕਰਨ ਮਾਹਿਰਾਂ ਨਾਲ ਜੋੜਨ ਦੀ ਗੱਲ ਕੀਤੀ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪੰਜਾਬ ਦੀ ਖੇਤੀ ਉਪਜ ਦਾ ਨਿਰਯਾਤ ਵਧਾਉਣ ਦੇ ਨਾਲ ਖੇਤੀ ਵਿਭਿੰਨਤਾ, ਕੁਦਰਤੀ ਸਰੋਤਾਂ ਦੀ ਸੰਭਾਲ, ਰੁਜ਼ਗਾਰ ਪੈਦਾ ਕਰਨ ਜਿਹੇ ਕਦਮ ਚੁੱਕੇ ਜਾਣੇ ਲਾਜ਼ਮੀ ਹਨ। ਇਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕਦਾ ਹੈ। ਇਸ ਤੋਂ ਪਹਿਲਾਂ, ਪੀਏਯੂ ਵਿੱਚ ਵਿਚਾਰ-ਵਟਾਂਦਰੇ ਦੀ ਪ੍ਰਧਾਨਗੀ ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਕੀਤੀ। ਇਸ ਦੌਰਾਨ ਯੂਨੀਵਰਸਿਟੀ ਦੇ ਅਧਿਕਾਰੀ ਅਤੇ ਮਾਹਿਰ ਵੀ ਮੌਜੂਦ ਰਹੇ। ਡਾ. ਢੱਟ ਨੇ ਹਰੀ ਕ੍ਰਾਂਤੀ ਵਿੱਚ ਪੀਏਯੂ ਦੀ ਮੋਹਰੀ ਭੂਮਿਕਾ ਅਤੇ ਟਿਕਾਊ ਖੇਤੀ ਬਾਰੇ ਖੋਜ ਪਹਿਲਕਦਮੀਆਂ ਉੱਪਰ ਚਾਨਣਾ ਪਾਇਆ। ਉਨ੍ਹਾਂ ਨੇ ਪਾਣੀ ਦੀ ਬਚਤ ਕਰਨ ਵਾਲੀਆਂ ਤਕਨੀਕਾਂ, ਥੋੜ੍ਹੇ ਸਮੇਂ ਦੀਆਂ ਕਿਸਮਾਂ, ਜੀਨੋਮਿਕ-ਸਹਾਇਤਾ ਪ੍ਰਾਪਤ ਬ੍ਰੀਡਿੰਗ, ਫਸਲਾਂ ਦੀ ਰਹਿੰਦ-ਖੂੰਹਦ ਦੀ ਸੰਭਾਲ, ਬਾਇਓ ਖਾਦ, ਵਾਢੀ ਤੋਂ ਬਾਅਦ ਸੰਭਾਲ ਅਤੇ ਵਿਸ਼ੇਸ਼ ਕਿਸਮਾਂ ਦੀ ਸਪੀਡ ਬ੍ਰੀਡਿੰਗ ਆਦਿ ਦਾ ਜ਼ਿਕਰ ਕੀਤਾ । ਨਾਲ ਹੀ ਜੀਨੋਮ ਸੰਪਾਦਨ, ਮਾਈਕ੍ਰੋਪ੍ਰੋਪੈਗੇਸ਼ਨ, ਜੈਨੇਟਿਕਲੀ ਮੋਡੀਫਾਈਡ  ਫਸਲਾਂ ਅਤੇ ਨੈਨੋ ਖਾਦਾਂ ਵਰਗੀਆਂ ਉੱਨਤ ਤਕਨੀਕਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਪੀਏਯੂ ਦੀਆਂ ਪਸਾਰ ਗਤੀਵਿਧੀਆਂ, ਪੰਜਾਬ ਦੇ 12,000 ਤੋਂ ਵੱਧ ਪਿੰਡਾਂ ਤੱਕ ਪਹੁੰਚਦੀਆਂ ਹਨ ਜਿਸ ਨਾਲ ਯੂਨੀਵਰਸਿਟੀ ਅਤੇ ਕਿਸਾਨਾਂ ਵਿਚਕਾਰ ਮਜ਼ਬੂਤ ਸੰਬੰਧ ਬਣੇ ਹਨ। ਡਾ. ਢੱਟ ਨੇ ਪੀਏਯੂ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਚੋਟੀ ਦੀ ਐਨਆਈਆਰਐਫ ਰੈਂਕਿੰਗ, ਆਈਸੀਏਆਰ ਐਵਾਰਡ ਇਸ ਸੰਸਥਾ ਨੂੰ ਉੱਚ ਮਿਆਰਾਂ ਨਾਲ ਨਿਵਾਜਦੀ ਹੈ। ਪੀਏਯੂ ਦੇ ਅਰਥ ਸ਼ਾਸਤਰ ਅਤੇ ਸਮਾਜ ਸ਼ਾਸਤਰ ਵਿਭਾਗ ਦੇ ਮੁਖੀ ਡਾ. ਜੇ.ਐਮ. ਸਿੰਘ ਨੇ ਸਰਕਾਰ ਦੀਆਂ ਨੀਤੀਆਂ ਅਤੇ ਉਤਪਾਦਕ ਸਹਾਇਤਾ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਪੰਜਾਬ ਵਿੱਚ ਮੁੱਖ ਫਸਲੀ ਚੱਕਰਾਂ ਦੇ ਮੁਨਾਫੇ ਬਾਰੇ ਵਿਸਥਾਰ ਨਾਲ ਦੱਸਿਆ। ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ. ਧਨਵਿੰਦਰ ਸਿੰਘ ਨੇ ਆਈ ਦੀ ਏ ਆਰ ਕਾਸਟ ਪ੍ਰੋਜੈਕਟ ਅਧੀਨ ਸਥਿਰ ਖੇਤੀ ਲਈ ਕੁਦਰਤੀ ਸਰੋਤ ਪ੍ਰਬੰਧਨ ਸਕੂਲ ਦੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਪਾਣੀ ਬਚਾਉਣ ਵਾਲੀਆਂ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਅਤੇ ਟਿਕਾਊ ਖੇਤੀ ਲਈ ਇਨ੍ਹਾਂ ਤਕਨੀਕਾਂ ਨੂੰ ਵਧਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਵਿਸ਼ਵ ਬੈਂਕ ਦੇ ਨੁਮਾਇੰਦਿਆਂ ਨੇ ਪਾਣੀ ਦੀ ਸੰਭਾਲ, ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ, ਅਤੇ ਜੈਵ ਵਿਭਿੰਨਤਾ ਦੀ ਸੰਭਾਲ ਕਰਦੇ ਹੋਏ ਹੋਰ ਅਨਾਜ ਪੈਦਾ ਕਰਨ ਲਈ ਪੀ ਏ ਯੂ ਦੀਆਂ ਤਕਨੀਕਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਨਵੀਨਤਾਕਾਰੀ ਹੱਲਾਂ ਰਾਹੀਂ ਖੇਤੀ ਮੁਸ਼ਕਲਾਂ ਦੇ ਹੱਲ ਦੀਆਂ ਸੰਭਾਵੀ ਤਕਨਾਲੋਜੀਆਂ 'ਤੇ ਚਰਚਾ ਕੀਤੀ। ਨਾਲ ਹੀ ਵਫਦ ਦੀ ਰਾਏ ਸੀ ਕਿ  ਮੌਸਮੀ ਬਦਲਾਅ ਦੇ ਅਨੁਸਾਰ ਨਵੀਆਂ ਫ਼ਸਲਾਂ ਦੀ ਖੋਜ ਲਈ ਪੀ ਏ ਯੂ ਵਲੋਂ ਕੀਤੀਆਂ ਜਾ ਰਹੀਆਂ ਖੋਜਾਂ ਵਿਚ ਤੇਜ਼ੀ ਆਉਣੀ ਲਾਜ਼ਮੀ ਹੈ। ਵਫ਼ਦ ਨੇ ਪੀਏਯੂ ਵੱਲੋਂ ਕੀਤੇ ਜਾ ਰਹੇ ਕਾਰਜਾਂ ਉੱਪਰ ਤਸੱਲੀ ਪ੍ਰਗਟ ਕਰਦਿਆਂ ਵਿਕਸਿਤ ਤਕਨਾਲੋਜੀਆਂ ਬਾਰੇ ਸਵਾਲ ਜਵਾਬ ਸੈਸ਼ਨ ਵਿੱਚ ਹਿੱਸਾ ਲਿਆ। ਡਾ: ਮਾਨਵ ਇੰਦਰਾ ਸਿੰਘ ਗਿੱਲ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਪੀਏਯੂ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੇ ਕੋਆਰਡੀਨੇਟਰ ਡਾ: ਜਗਦੀਪ ਸੰਧੂ ਨੇ ਧੰਨਵਾਦ ਕੀਤਾ।