ਮਜ਼ਦੂਰਾਂ ਦੇ ਬਿਜਲੀ ਕੁਨੈਕਸ਼ਨ ਨਹੀਂ ਕੱਟਣ ਦਿਆਂਗੇ-ਪੇਂਡੂ ਮਜ਼ਦੂਰ ਯੂਨੀਅਨ 

ਮੁੱਲਾਂਪੁਰ ਦਾਖਾ 19 ਫਰਵਰੀ (ਸਤਵਿੰਦਰ ਸਿੰਘ ਗਿੱਲ) ਦਲਿਤ ਪਰਿਵਾਰਾਂ ਨੂੰ ਅਨੁਸੂਚਿਤ ਜਾਤੀਆਂ ਦੇ ਅਧਾਰ ਤੇ ਪਹਿਲਾਂ ਤੋਂ ਹੀ ਮਿਲਦੀ ਬਿਜਲੀ ਬਿੱਲ ਮੁਆਫੀ ਦੀ ਸਹੂਲਤ ਕੱਟ ਕੇ ਝਾੜੂ ਹਕੂਮਤ ਵੱਲੋਂ ਭੇਜੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲਾਂ ਦੀ ਜ਼ਬਰੀ ਵਸੂਲੀ ਦੇ ਵਿਰੁੱਧ ਪੇਂਡੂ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਐਸਡੀਓ ਪਾਵਰਕੌਮ ਸਿੱਧਵਾਂ ਖ਼ੁਰਦ ਨੂੰ ਮਿਲਿਆ।ਫ਼ਵਦ ਵਿੱਚ ਹੋਰਨਾਂ ਤੋਂ ਇਲਾਵਾ ਇਲਾਕਾ ਪ੍ਰਧਾਨ ਕੁਲਵੰਤ ਸਿੰਘ ਸੋਨੀ, ਗਾਂਧੀ ਸਿੰਘ,ਸਨੀ ਸਿੰਘ, ਜਗਦੀਪ ਸਿੰਘ, ਜੰਟਾ ਸਿੰਘ,ਰਵੀ ਸਿੰਘ, ਭਜਨ ਸਿੰਘ, ਸੁਦਾਗਰ ਸਿੰਘ, ਮਨਜੀਤ ਸਿੰਘ, ਅਤੇ ਮਿੰਦੋ ਕੌਰ ਆਦਿ ਜੱਥੇਬੰਦੀ ਦੇ ਵਰਕਰ ਸ਼ਾਮਲ ਸਨ। ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਨੇ ਦੱਸਿਆ ਕਿ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਸੰਘਰਸ਼ ਕਰਕੇ ਭਾਵੇਂ ਦੁਬਾਰਾ ਬਿਜਲੀ ਬਿੱਲ ਮੁਆਫੀ ਬਹਾਲ ਕਰਵਾ ਲਈ ਹੈ ਪਰ ਪਾਵਰਕੌਮ ਵੱਲੋਂ   ਜਰਨਲ ਕੈਟਾਗਰੀ ਵਿੱਚ ਪਾ ਕੇ ਭੇਜੇ ਗਏ  ਬਿਜਲੀ ਬਿੱਲ ਜਿਉਂ ਦੇ ਤਿਉਂ ਬਰਕਰਾਰ ਹਨ ਇਸ ਅਧਾਰ ਤੇ ਪਾਵਰਕੌਮ ਵੱਲੋਂ ਮਜ਼ਦੂਰਾਂ ਦੇ ਘਰੇਲੂ ਬਿਜਲੀ ਕੁਨੈਕਸ਼ਨ ਕੱਟ ਕੇ ਜ਼ਬਰੀ ਵਸੂਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦਲਿਤ ਪਰਿਵਾਰਾਂ ਨੂੰ ਭੇਜੇ ਨਜਾਇਜ਼ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲਾਂ ਦੀ ਵਸੂਲੀ ਲਈ ਜਗਰਾਉਂ ਇਲਾਕੇ ਵਿੱਚ ਪਾਵਰਕੌਮ ਆਪਣੇ ਕਰਮਚਾਰੀਆਂ ਨੂੰ ਭੇਜ ਕੇ ਗਰੀਬa ਦਲਿਤ ਪਰਿਵਾਰਾਂ ਦੇ ਜ਼ਬਰੀ ਬਿਜਲੀ ਕੁਨੈਕਸ਼ਨ ਕੱਟ ਰਿਹਾ ਹੈ। ਇਸ ਧੱਕੇਸ਼ਾਹੀ ਦਾ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਜਨਤਕ ਵਿਰੋਧ ਕੀਤਾ ਜਾਵੇਗਾ ਪਾਵਰਕੌਮ ਵੱਲੋਂ ਦਲਿਤ, ਪਛੜੇ ਅਤੇ ਬੀਪੀਐਲ ਪਰਿਵਾਰਾਂ ਦੀ ਬਿਜਲੀ ਬਿੱਲ ਮੁਆਫੀ ਕੱਟ ਕੇ ਜਰਨਲ ਵਿੱਚ ਭੇਜੇ ਹਜ਼ਾਰਾਂ ਰੁਪਏ ਦੇ ਬਿਜਲੀ ਬਿੱਲਾਂ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਦਬਾਅ ਤਹਿਤ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਲਿਤਾਂ ਆਦਿ ਦੀ ਜਰਨਲ ਵਿੱਚ ਪਾ ਕੇ ਕੱਟੀ ਬਿਜਲੀ ਬਿੱਲ ਮੁਆਫੀ ਮੁੜ ਬਹਾਲ ਕਰਨ ਦੀ ਪਾਵਰਕੌਮ ਨੂੰ ਹਦਾਇਤ ਕੀਤੀ ਸੀ ਅਤੇ ਦਲਿਤਾਂ ਨੂੰ ਜਨਰਲ ਵਿੱਚ ਪਾ ਕੇ ਭੇਜੇ ਬਿਜਲੀ ਬਿੱਲ ਰੱਦ ਕਰਨ ਦਾ ਵਿਸ਼ਵਾਸ ਦਿਵਾਇਆ ਸੀ,ਪਰ ਇਸ ਦੇ ਬਾਵਜੂਦ ਵੀ ਪਾਵਰਕੌਮ ਅਧਿਕਾਰੀ ਮਜਦੂਰਾਂ ਨੂੰ ਹਜ਼ਾਰਾਂ ਰੁਪਏ ਦੇ ਪਿਛਲੇ ਬਿਜਲੀ ਬਿੱਲ ਬਕਾਏ ਵਸੂਲਣ ਲਈ ਦਲਿਤ ਪਰਿਵਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਰਹੇ ਹਨ। ਜਿਸ ਤਹਿਤ ਪਾਵਰਕੌਮ ਸਿੱਧਵਾਂ ਕਲਾਂ,ਪੋਨਾ ਆਦਿ ਪਿੰਡਾਂ ਵਿੱਚ  ਦਲਿਤ ਪਰਿਵਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਗਏ ਹਨ। ਇਸੇ ਤਰ੍ਹਾਂ ਜਗਰਾਉਂ ਦੇ ਅਗਵਾੜ ਰਾਣੀ ਵਾਲਾ ਖੂਹ ਅਤੇ ਹੰਬੜਾਂ ਇਲਾਕੇ ਦੇ ਪਿੰਡਾਂ ਵਿੱਚ ਵੀ ਪਾਵਰਕੌਮ ਵੱਲੋਂ ਦਲਿਤ ਪਰਿਵਾਰਾਂ ਦੇ ਬਿਜਲੀ ਕੁਨੈਕਸ਼ਨ ਕੱਟ ਕੇ ਗਰੀਬਾਂ ਦੇ ਘਰਾਂ ਵਿੱਚ ਹਨੇਰਾ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਹਕੂਮਤ ਵੱਲੋਂ ਮਜ਼ਦੂਰ ਪਰਿਵਾਰਾਂ ਦੀ ਚੱਲਦੀ ਬਿਜਲੀ ਬਿੱਲ ਮੁਆਫੀ, ਦਸੰਬਰ 2022 ਵਿੱਚ ਕੱਟ ਕੇ ਜਨਰਲ ਕਰ ਦਿੱਤੀ ਗਈ ਸੀ ਜਿਸ ਤਹਿਤ ਦਲਿਤ ਪਰਿਵਾਰਾਂ ਦੀ ਬਿਜਲੀ ਬਿੱਲ ਮੁਆਫੀ ਕੱਟ ਕੇ ਵੱਡੀਆਂ ਰਕਮਾਂ ਵਿੱਚ ਬਿਜਲੀ ਬਿੱਲ ਭੇਜੇ ਗਏ ਸਨ। ਇਸ ਮੌਕੇ ਮੰਗ ਕੀਤੀ ਕਿ ਮਜ਼ਦੂਰਾਂ ਦੇ ਬਿਜਲੀ ਕੁਨੈਕਸ਼ਨ ਕੱਟਣੇ ਤਰੁੰਤ ਬੰਦ ਕੀਤੇ ਜਾਣ ਅਤੇ ਮੁਆਫੀ ਕੱਟ ਕੇ ਭੇਜੇ ਵੱਡੀਆਂ ਰਕਮਾਂ ਬਿੱਲਾਂ ਉੱਪਰ ਲੀਕ ਮਾਰੀ ਜਾਵੇ। ਉਨ੍ਹਾਂ ਦਲਿਤ ਪਰਿਵਾਰਾਂ ਨੂੰ ਝਾੜੂ ਹਕੂਮਤ ਵਲੋਂ ਭੇਜੇ ਨਜਾਇਜ਼ ਬਿਜਲੀ ਬਿੱਲਾਂ ਦੀ ਜ਼ਬਰੀ ਵਸੂਲੀ ਲਈ ਚਲਾਈ ਕਨੈਕਸ਼ਨ ਕੱਟਣ ਦੀ ਮੁਹਿੰਮ ਦਾ ਇਕਤੱਰਤ ਹੋਕੇ ਵਿਰੋਧ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਨਜਾਇਜ਼ ਭੇਜੇ ਬਿਜਲੀ ਬਿੱਲਾਂ ਦੇ ਅਧਾਰ ਤੇ ਕਿਸੇ ਵੀ ਮਜ਼ਦੂਰ ਦਾ ਬਿਜਲੀ ਕੁਨੈਕਸ਼ਨ ਨਹੀਂ ਕੱਟਣ ਦਿੱਤਾ ਜਾਵੇਗਾ।