ਗੁਰਮਤਿ ਸਾਹਿੱਤ ਅਧਿਐਨ ਬਗੈਰ ਪੰਜਾਬੀ ਸਾਹਿੱਤ ਦੀ ਅੰਤਰ ਝਾਤ ਪੇਤਲੀ ਰਹੇਗੀਃ ਪ੍ਰਿੰਸੀਪਲ ਗੁਰਬਚਨ ਸਿੰਘ

ਲੁਧਿਆਣਾ 28 ਮਾਰਚ : ਗੁਰਬਾਣੀ ਦੇ ਅੰਤਰ ਰਾਸ਼ਟਰੀ ਵਿਆਖੱਆਕਾਰ ਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਤੇ ਆਪਣੇ ਬਾਲ ਸਖਾ ਮਿੱਤਰ ਪ੍ਰੋਃ ਗੁਰਭਜਨ ਸਿੰਘ ਗਿੱਲ ਨੂੰ ਮਿਲ ਕੇ ਆਪਣੀਆਂ ਪੁਸਤਕਾਂ “ਅਕਾਲ ਪੁਰਖ ਦਾ ਸੰਕਲਪ”, “ ਜੋ ਦਰਿ ਰਹੇ ਸੋ ਉਬਰੇ”, “ ਅਗਿਆਨ ਪੂਜਾ”,”ਕੀ ਅਸੀਂ ਨਿਆਰੇ ਖਾਲਸਾ ਹਾਂ”,”ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ”, ਤੇ “ ਵਿਰਲੈ ਕਿਨੈ ਵੀਚਾਰਿਆ” ਦਾ ਸੈੱਟ ਭੇਂਟ ਕਰਦਿਆਂ ਕਿਹਾ ਹੈ ਕਿ ਬਹੁਤੇ ਨਵੇਂ ਸਿਰਜਣਾਤਮਕ ਲੇਖਕ ਗੁਰਮਤਿ ਸਾਹਿੱਤ ਨੂੰ ਪੜ੍ਹਨ ਤੇ ਵਿਸ਼ਲੇਸ਼ਣੀ ਅਮਲ ਦੀ ਥਾਂ ਇਸ ਨੂੰ ਸਿਰਫ਼ ਕਥਾਵਾਚਕਾਂ ਤੇ ਗੁਰਮਤਿ ਵਿਆਖਿਆਕਾਰਾਂ ਲਈ ਛੱਡ ਦਿੰਦੇ ਹਨ। ਇਸ ਪ੍ਰਵਿਰਤੀ ਨੂੰ ਬਦਲਣ ਦੀ ਜ਼ਰੂਰਤ ਹੈ ਕਿਉਂ ਕਿ ਗੁਰਮਤਿ ਸਾਹਿੱਤ ਦੇ ਅਧਿਐਨ ਬਗੈਰ ਅਸੀਂ ਇੱਕ ਪਾਸੜ ਸੋਚ ਦੇ ਧਾਰਨੀ ਹੋ ਕੇ ਆਪਣੇ ਮਾਣ ਮੱਤੇ ਸਹੀ ਵਿਰਸੇ ਤੋਂ ਖਾਲੀ ਰਹਿ ਜਾਂਦੇ ਹਾਂ। ਪ੍ਰਿੰਸੀਪਲ ਗੁਰਬਚਨ ਸਿੰਘ ਨੇ ਇਹ ਸੁਨੇਹਾ ਸਮੂਹ ਪੰਜਾਬੀ ਲੇਖਕਾਂ ਲਈ ਦਿੰਦਿਆਂ ਕਿਹਾ ਕਿ ਅਧਿਐਨ ਦੀ ਪੁਰਾਤਨ ਮਰਯਾਦਾ ਸਮਝਣ ਤੇ ਸੰਭਾਲਣ ਦੀ ਲੋੜ ਹੈ। ਉਨ੍ਹਾਂ ਗੁਰਮਤਿ ਗਿਆਨ ਮਿਸ਼ਨਰੀ ਕਾਲਿਜ ਵੱਲੋਂ ਆਰੰਭੇ ਵੱਖ ਵੱਖ ਪ੍ਰਾਜੈਕਟਾਂ ਬਾਰੇ ਜਾਣਕਾਰੀ ਦੇਂਦਿਆਂ ਕਿਹਾ ਕਿ ਮਾਸਿਕ ਪੱਤਰ ਗੁਰਮਤਿ ਗਿਆਨ ਹਰ ਮਹੀਨੇ ਪਾਠਕਾਂ ਤੀਕ ਦੇਸ਼ ਬਦੇਸ਼ ਪਹੁੰਚਾਇਆ ਜਾ ਰਿਹਾ ਹੈ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਚਪਨ ਤੋਂ ਹੀ ਨਿਜੀ ਤੌਰ ਤੇ ਗੁਰਮਤਿ ਸਾਹਿੱਤ ਦਾ ਅਧਿਐਨ ਕਰ ਰਹੇ ਹਨ ਪਰ ਹੁਣ ਸਾਥੀ ਸਿਰਜਕਾਂ ਨੂੰ ਵੀ ਗੁਰਮਤਿ ਅਧਿਐਨ ਲਈ ਪ੍ਰੇਰਤ ਕਰਨਗੇ। ਉਨ੍ਹਾਂ ਦੱਸਿਆ ਕਿ ਪੰਜਾਬੀ ਸਾਹਿੱਤ ਅਕਾਡਮੀ ਵਿੱਚ ਕੰਮ ਕਰਦਿਆਂ ਉਨ੍ਹਾਂ ਆਪਣੇ ਸਹਿਯੋਗੀਆਂ ਨਾਲ ਰਲ਼ ਕੇ ਗੁਰੂ ਨਾਨਕ ਦੇਵ ਜੀ ਦੀ 550ਵੀਂ ਜਨਮ ਵਰ੍ਹੇਗੰਢ ਵੇਲੇ ਅੱਠ ਵੱਡ ਆਕਾਰੀ ਕਿਤਾਬਾਂ ਦਾ ਪ੍ਰਕਾਸ਼ਨ ਕਰਵਾਇਆ ਅਤੇ ਮਾਸਟਰ ਤਾਰਾ ਜੀ ਦੀ ਸਮੁੱਚੀ ਰਚਨਾਵਲੀ ਸੱਤ ਹਿੱਸਿਆਂ ਵਿੱਚ ਪ੍ਰਕਾਸ਼ਿਤ ਕਰਵਾਈ। ਮਹੱਤਵ ਪੂਪਰਨ ਗੱਲ ਇਹ ਹੈ ਕਿ ਇਨ੍ਹਾਂ ਪੁਸਤਕਾਂ ਦੇ ਪ੍ਰਕਾਸ਼ਨ ਲਈ ਕਿਸੇ ਧਾਰਮਿਕ ਸੰਸਥਾ ਜਾਂ ਦਾਨਵੀਰ ਤੋਂ ਮਦਦ ਨਹੀਂ ਲਈ ਸਗੋਂ ਪੰਜਾਬ ਦੇ ਕਾਂਗਰਸੀ ਉੁਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਤੇ ਮੰਤਰੀ ਭਾਰਤ ਭੂਸ਼ਨ ਆਸ਼ੂ ਤੋਂ ਗਰਾਂਟ ਪ੍ਰਾਪਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਪ੍ਰੋਃ ਸਾਹਿਬ ਸਿੰਘ ਜੀ ਵੱਲੋਂ ਤਿਆਰ ਸਟੀਕ “ ਸ਼੍ਰੀ ਗੁਰੂ ਗਰੰਥ ਸਾਹਿਬ ਦਰਪਨ” ਵੀ ਪਿਛਲੇ ਕੁਝ ਸਾਲਾਂ ਵਿੱਚ ਹੀ ਪੰਦਰਾਂ ਤੋਂ ਵੱਧ ਲੇਖਕਾਂ ਤੇ ਸਨੇਹੀਆਂ ਤੀਕ ਪਹੁੰਚਾ ਚੁਕੇ ਹਨ। ਪ੍ਰਿੰਸੀਪਲ ਗੁਰਬਚਨ ਸਿੰਘ ਨੇ ਕਿਹਾ ਕਿ ਸਾਰੇ ਸੋਮੇ ਹੀ ਇਸ ਗਿਆਨ ਯੱਗ ਵਿੱਚ ਲਾਉਣੇ ਚਾਹੀਦੇ ਹਨ।