ਸਕੂਲਾਂ ਦੇ ਕੁਨੈਕਸ਼ਨ ਨਾ ਕੱਟਣ ਲਈ ਪਾਵਰਕੌਮ ਨੂੰ ਪੱਤਰ ਲਿਖਣਗੇ : ਸਿੱਖਿਆ ਮੰਤਰੀ ਬੈਂਸ

ਲੁਧਿਆਣਾ (ਰਘਵੀਰ ਸਿੰਘ ਜੱਗਾ) : ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਪੰਜਾਬ ਦੇ 8 ਸਰਕਾਰੀ ਸਕੂਲਾਂ ਦੇ ਬਿੱਲਾਂ ਦੀ ਅਦਾਇਗੀ ਨਾ ਹੋਣ ਕਾਰਨ ਪਾਵਰਕੌਮ ਵੱਲੋਂ ਕੱਟੇ ਗਏ ਸਕੂਲਾਂ ਦੇ ਬਿਜਲੀ ਕੁਨੈਕਸ਼ਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਗਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਉਹ ਅਜਿਹੇ ਸਕੂਲਾਂ ਦੇ ਕੁਨੈਕਸ਼ਨ ਨਾ ਕੱਟਣ ਲਈ ਪਾਵਰਕੌਮ ਨੂੰ ਪੱਤਰ ਲਿਖਣਗੇ ਕਿਉਂਕਿ ਹੁਣ ਇਮਤਿਹਾਨਾਂ ਦੇ ਦਿਨ ਹਨ ਅਤੇ ਅਜਿਹੇ ‘ਚ ਬੱਚਿਆਂ ਦੀ ਪੜ੍ਹਾਈ ਖ਼ਰਾਬ ਹੋ ਸਕਦੀ ਹੈ। ਜੇਕਰ ਕਿਸੇ ਸਕੂਲ ਦਾ ਬਿੱਲ ਅਦਾ ਨਹੀਂ ਕੀਤਾ ਗਿਆ ਹੈ ਤਾਂ ਉਹ ਬਿੱਲ ਦੀ ਰਕਮ ਆਪਣੀ ਜੇਬ ਵਿੱਚੋਂ ਦੇਣਗੇ ਪਰ ਸਕੂਲ ਦਾ ਕੁਨੈਕਸ਼ਨ ਨਹੀਂ ਕੱਟਣ ਦੇਣਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਮੁੱਖ ਮੰਤਰੀ ਨਾਲ ਵੀ ਗੱਲ ਕਰਨਗੇ। ਦੱਸ ਦੇਈਏ ਕਿ ਸਿੱਖਿਆ ਮੰਤਰੀ ਅੱਜ ਲੁਧਿਆਣਾ ਵਿਚ ਸਨ, ਜਿੱਥੇ ਬੀਤੇ ਦਿਨੀਂ ਜਲੰਧਰ ‘ਚ ਸਕੂਲ ਦਾ ਬਿਜਲੀ ਕੁਨੈਕਸ਼ਨ ਕੱਟੇ ਜਾਣ ਸਬੰਧੀ ਪੱਤਰਕਾਰਾਂ ਵੱਲੋਂ ਉਨ੍ਹਾਂ ਤੋਂ ਸਵਾਲ ਪੁੱਛੇ ਜਾਣ ‘ਤੇ ਉਨ੍ਹਾਂ ਨੇ ਉਪਰੋਕਤ ਐਲਾਨ ਕੀਤਾ। ਜਾਣਕਾਰੀ ਅਨੁਸਾਰ ਗੁਰੂ ਨਾਨਕ ਸਟੇਡੀਅਮ ਵਿਖੇ ਵੱਖ-ਵੱਖ ਵਿਕਲਾਂਗ ਬੱਚਿਆਂ ਲਈ ਦੋ ਰੋਜ਼ਾ ਰਾਜ ਪੱਧਰੀ ਖੇਡਾਂ ਕਰਵਾਈਆਂ ਗਈਆਂ ਹਨ, ਜਿਸ ਦਾ ਉਦਘਾਟਨ ਕਰਨ ਲਈ ਸਿੱਖਿਆ ਮੰਤਰੀ ਪੁੱਜੇ ਸਨ। ਇਸ ਦੌਰਾਨ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਲਈ ਪਹਿਲੀ ਵਾਰ ਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਸ ਨਾਲ ਇਨ੍ਹਾਂ ਬੱਚਿਆਂ ਦੀ ਪ੍ਰਤਿਭਾ ਉਭਰ ਕੇ ਸਾਹਮਣੇ ਆਵੇਗੀ, ਨਾਲ ਹੀ ਉਨ੍ਹਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ।