ਗੁਰੂ ਗੋਬਿੰਦ ਸਿੰਘ ਮਾਰਗ ਤੇ ਦਸਮੇਸ਼ ਪਿਤਾ ਜੀ ਦੇ ਨਾਮ ਦੀ ਬੇਅਦਬੀ ਲਈ ਆਖ਼ਰ ਜੁੰਮੇਵਾਰ ਕੌਣ ?

  • ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਾਰਗ ਬੋਰਡ ਖੜ੍ਹਾ ਗੰਦੇ ਪਾਣੀ 'ਚ

ਮੁੱਲਾਂਪੁਰ ਦਾਖਾ 19 ਜੂਨ (ਸਤਵਿੰਦਰ ਸਿੰਘ ਗਿੱਲ) : ਪੰਜਾਬ ਦੀ ਧਰਤੀ ਤੇ ਲੰਮੇਂ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਤੇ ਭਾਵੇਂ ਸਮੇਂ ਦੀਆਂ ਸਰਕਾਰਾਂ ਇਨਸਾਫ ਦੇਣ ਤੋਂ ਭੱਜ ਰਹੇ ਹਨ। ਜਦਕਿ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸਮੂਹ ਧਾਰਮਿਕ ਜਥੇਬੰਦੀਆਂ ਲੰਮੇ ਸਮੇਂ ਤੋਂ ਯਤਨ ਕਰ ਰਹੀਆਂ ਹਨ ।ਪਰ ਗੰਦੀ ਰਾਜਨੀਤੀ ਕਰਨ ਵਾਲੇ ਲੀਡਰ ਤੇ ਉਨ੍ਹਾਂ ਦੀਆਂ ਸਰਕਾਰਾਂ ਵੀ ਇਨਸਾਫ਼ ਦੇਣ ਨੂੰ ਰੱਤੀ ਭਰ ਵੀ ਤਿਆਰ ਨਹੀਂ। ਉੱਥੇ ਹੀ ਤਖ਼ਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੱਕ ਜਾਣ ਵਾਲੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਤਕ ਮਿਟ ਚੁੱਕਿਆ ਹੈ। ਜਿਸ ਵੱਲ ਸ਼੍ਰੋਮਣੀ ਕਮੇਟੀ ਅਤੇ ਸਰਕਾਰਾਂ ਦਾ ਕੋਈ ਧਿਆਨ ਨਹੀਂ  ਦੇ ਰਹੀਆਂ ਜੋ ਲੰਮੇਂ ਸਮੇਂ ਤੋਂ ਦਸ਼ਮੇਸ਼ ਪਿਤਾ ਜੀ ਦੇ ਨਾਮ ਦੀ ਹੋ ਰਹੀ ਹੈ ਬੇਅਦਬੀ ਆਖ਼ਰ ਜੁੰਮੇਵਾਰ ਕੌਣ । ਇਸ ਮਾਰਗ ਤੇ ਜਿਨੇ ਵੀ ਇਤਿਹਾਸਕ ਗੁਰੂ ਘਰ ਬਣੇ ਹੋਏ ਹਨ ਉਹਨਾਂ ਸਾਰੇ ਹੀ ਗੁਰੂ ਘਰਾਂ ਦੇ ਬਾਹਰ ਲੱਗੇ ਮੀਲ ਬੋਰਡ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਕਾਫੀ ਲੰਮਾ ਸਮਾਂ ਤੋਂ ਲਿਖਣਾ ਆਖ਼ਰ ਕਿਉਂ ਜ਼ਰੂਰੀ ਨਹੀਂ ਸਮਝਿਆ। ਜਦੋਂ ਅੱਜ ਅਸੀਂ ਇਸ ਮਾਰਗ ਤੇ ਮੀਲ ਬੋਰਡ ਦੀ ਚੈਕਿੰਗ ਕੀਤੀ ਤਾਂ ਜ਼ਿਆਦਾਤਰ ਬੋਰਡਾਂ ਉਪਰੋਂ ਗੁਰੂ ਗੋਬਿੰਦ ਸਿੰਘ ਮਾਰਗ ਦਾ ਨਾਮ ਮਿਟ ਚੁੱਕਿਆ ਹੈ ਅਤੇ ਕੁਝ ਬੋਰਡ ਤੇ ਮਾਰਗ ਦਾ ਨਾਮ ਥੋੜ੍ਹਾ ਬਹੁਤਾ ਲਿਖਿਆ ਦਿਖਾਈ ਦਿੰਦਾ ਹੈ ਪਰ ਉਹ ਗੰਦਗੀ ਵਿੱਚ ਖੜ੍ਹੇ ਹੋਣ ਕਰਕੇ ਸ਼ਰੇਆਮ ਉਸ ਦੀ ਬੇਅਦਬੀ ਹੋ ਰਹੀ ਹੈ ਅਤੇ ਜ਼ਿਆਦਾ ਬੋਰਡ ਖਸਤਾ ਹਾਲਤ ਵਿਚ ਹਨ। ਇਥੇ ਇਹ ਜ਼ਿਕਰਯੋਗ ਹੈ ਕਿ ਇਸ ਮਾਰਗ ਦੀ ਤਕਰੀਬਨ ਇਕ ਸਾਲ ਪਹਿਲਾਂ ਮੁਰੰਮਤ ਹੋਈ ਹੈ। ਠੇਕੇਦਾਰ ਵੱਲੋਂ ਪਿੰਡ ਦੀ ਦੂਰੀ ਦਰਸਾਉਂਦਾ ਨਵੇਂ ਬੋਰਡ ਤਾਂ ਲਗਵਾ ਦਿੱਤੇ ਗਏ ਪਰ ਗੁਰੂ ਗੋਬਿੰਦ ਸਿੰਘ ਮਾਰਗ ਬੋਰਡ ਤੈ ਰੰਗ-ਰੋਗਨ ਕਾਰਨ ਉਨ੍ਹਾਂ ਨੇ ਵੀ ਜ਼ਰੂਰੀ ਨਹੀਂ ਸਮਝਿਆ। ਆਖਰ ਵਿੱਚ ਜਦੋਂ ਅਸੀਂ ਇਸ ਮਾਰਗ ਤੇ ਆਖ਼ਰੀ ਗੁਰੂ ਘਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਪਹੁੰਚੇ ਤਾਂ ਐਂਟਰੀ ਗੇਟ ਤੋਂ ਅੰਦਰ ਵੜਨ ਸਾਰ ਲੱਗੇ ਆਖਰੀ ਗੁਰੂ ਗੋਬਿੰਦ ਸਿੰਘ ਮਾਰਗ ਦਾ ਬੋਰਡ ਨੂੰ ਗੰਦੇ ਪਾਣੀ ਵਿੱਚ ਖੜ੍ਹਾ ਦੇਖਿਆ ਤਾਂ ਸਾਡੇ ਮਨਾਂ ਤੇ ਬਹੁਤ ਠੇਸ ਪਹੁੰਚੀ। ਜਿਸ ਗੁਰੂ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਲਈ ਆਪਣਾ ਸਾਰਾ ਪ੍ਰਵਾਰ ਨਿਸ਼ਾਵਰ ਕਰ ਦਿੱਤਾ ਅਤੇ ਸਾਨੂੰ ਲਖਾਂ- ਕਰੋੜਾਂ ਵਿੱਚ ਖੜ੍ਹਿਆਂ ਨੂੰ ਅਲੱਗ ਦਿਖਾਈ ਦੇਣ ਵਾਲਾ ਖਾਲਸਾ ਰੂਪ ਦਿੱਤਾ। ਜਦਕਿ ਪੰਜਾਬ ਦੀ ਧਰਤੀ ਤੇ ਸਭ ਤੋਂ ਲੰਮੇ ਗੁਰੂ ਗੋਬਿੰਦ ਸਿੰਘ ਮਾਰਗ ਤੇ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾਮ ਨਾਂ ਲਿਖਣਾ ਕੋਈ ਵੱਡੀ ਸ਼ਾਜਿਸ ਦਾ ਹਿੱਸਾ ਤਾਂ ਨਹੀਂ।