ਮਾਛੀਵਾੜਾ 'ਚ ਸੜਕ ਪਾਰ ਕਰਦੇ ਸਮੇਂ ਪਾਣੀ ਦੇ ਤੇਜ਼ ਵਹਾਅ 'ਚ ਰੁੜਿਆ ਨਾਬਾਲਗ ਲੜਕਾ 

  • ਗਰੀਬ ਬਜ਼ੁਰਗ ਦਾਦਾ-ਦਾਦੀ ਦਾ ਸਹਾਰਾ ਹੈ ਇਕਲੌਤਾ ਪੋਤਰਾ

ਮਾਛੀਵਾੜਾ, 11 ਜੁਲਾਈ : ਮਾਛੀਵਾੜਾ ਦੇ ਨੇੜਲੇ ਪਿੰਡ ਮਾਣੇਵਾਲ ਵਿਖੇ ਬੁੱਢੇ ਦਰਿਆ ਦੇ ਓਵਰ ਫਲੋਅ ਹੋਣ ਕਾਰਨ ਪਾਣੀ ਨਾਲ ਭਰੀ ਸੜਕ ਨੂੰ ਪਾਰ ਕਰਦੇ ਸਮੇਂ ਤੇਜ਼ ਵਹਾਅ ਵਿਚ ਨਾਬਾਲਗ ਲੜਕਾ ਸੁਖਪ੍ਰੀਤ ਸੋਖੀ (16) ਰੁੜ ਗਿਆ ਜਿਸ ਦਾ ਕੋਈ ਵੀ ਪਤਾ ਨਾ ਲੱਗਾ। ਪ੍ਰਾਪਤ ਜਾਣਕਾਰੀ ਅਨੁਸਾਰ ਬੇਟ ਖੇਤਰ ਦੇ ਪਿੰਡ ਚੱਕੀ ਦਾ ਇਹ ਲੜਕਾ ਅੱਜ ਸਵੇਰੇ ਘਰੋਂ ਮੋਟਰਸਾਈਕਲ ਲੈ ਕੇ ਪਹਿਲਾਂ ਨੌਵੀਂ ਦਾ ਪੇਪਰ ਦੇਣ ਲਈ ਸਮਰਾਲਾ ਵਿਖੇ ਗਿਆ ਅਤੇ ਪ੍ਰੀਖਿਆ ਮੁਲਤਵੀ ਹੋਣ ਕਾਰਨ ਉਹ ਘਰ ਪਰਤ ਆਇਆ। ਉਹ ਘਰੋਂ ਮੋਟਰਸਾਈਕਲ ਲੈ ਕੇ ਫਿਰ ਚਲਾ ਗਿਆ ਅਤੇ ਜਦੋਂ ਉਹ ਹਿਯਾਤਪੁਰ ਵਲੋਂ ਪਿੰਡ ਮਾਣੇਵਾਲ ਦਾ ਬੁੱਢਾ ਦਰਿਆ ਦੇ ਪੁਲੀ ਪਾਰ ਕਰਨ ਲੱਗਾ ਤਾਂ ਉਸਨੇ ਦੇਖਿਆ ਕਿ ਸੜਕ ’ਤੇ ਪਾਣੀ ਦਾ ਤੇਜ਼ ਵਹਾਅ ਹੈ ਜਿਸ ਕਾਰਨ ਉਸਨੇ ਆਪਣਾ ਮੋਟਰਸਾਈਕਲ ਸਾਈਡ ’ਤੇ ਖੜ੍ਹਾ ਕਰ ਦਿੱਤਾ। ਉੱਥੇ ਖੜ੍ਹੇ ਕੁਝ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਲੜਕਾ ਪੈਦਲ ਹੀ ਪਾਣੀ ਦੇ ਤੇਜ਼ ਵਹਾਅ ਵਾਲੀ ਸੜਕ ਤੋਂ ਲੰਘ ਕੇ ਦੇਖ ਰਿਹਾ ਸੀ ਕਿ ਉਹ ਇੱਥੋਂ ਮੋਟਰਸਾਈਕਲ ’ਤੇ ਲੰਘ ਜਾਵੇਗਾ ਤਾਂ ਅਚਾਨਕ ਉਸਦਾ ਪੈਰ ਫਿਸਲ ਗਿਆ ਜੋ ਨਾਲ ਲੱਗਦੇ ਡੂੰਘੇ ਖੇਤਾਂ ਵਿਚ ਜਾ ਗਿਰਿਆ। ਦੇਖਣ ਵਾਲਿਆਂ ਅਨੁਸਾਰ ਉਹ ਕੁਝ ਹੀ ਮਿੰਟਾਂ ’ਚ ਪਾਣੀ ਦੇ ਤੇਜ਼ ਵਹਾਅ ਵਿਚ ਰੁੜ ਗਿਆ ਜਿਸਦਾ ਕੋਈ ਪਤਾ ਨਾ ਲੱਗ ਸਕਿਆ। ਰੁੜਨ ਵਾਲੇ ਲੜਕੇ ਦੀ ਪਹਿਚਾਣ ਸੁਖਪ੍ਰੀਤ ਸੋਖੀ ਵਜੋਂ ਹੋਈ ਅਤੇ ਮੌਕੇ ’ਤੇ ਪ੍ਰਸ਼ਾਸਨਿਕ ਅਧਿਕਾਰੀ ਐੱਸਡੀਐੱਮ ਕੁਲਦੀਪ ਬਾਵਾ, ਡੀਐੱਸਪੀ ਵਰਿਆਮ ਸਿੰਘ ਅਤੇ ਸਬ-ਇੰਸਪੈਕਟਰ ਸੰਤੋਖ ਸਿੰਘ ਵੀ ਮੌਕੇ ’ਤੇ ਪੁੱਜ ਗਏ। ਐੱਸਡੀਐੱਮ ਨੇ ਦੱਸਿਆ ਕਿ ਪ੍ਰਸ਼ਾਸਨ ਵਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ ਹੈ ਅਤੇ ਪਾਣੀ ਵਿਚ ਸੁਖਪ੍ਰੀਤ ਦੀ ਤਲਾਸ਼ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ ਪਾਣੀ ਵਿਚ ਰੁੜਿਆ ਨਾਬਾਲਗ ਲੜਕਾ ਸੁਖਪ੍ਰੀਤ ਸੋਖੀ ਆਪਣੇ ਬਜ਼ੁਰਗ ਦਾਦਾ-ਦਾਦੀ ਦਾ ਇਕਲੌਤਾ ਸਹਾਰਾ ਹੈ ਜੋ ਪੜ੍ਹਾਈ ਦੇ ਨਾਲ-ਨਾਲ ਪ੍ਰਾਈਵੇਟ ਨੌਕਰੀ ਕਰ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਹੈ। ਪਿੰਡ ਦੇ ਸਰਪੰਚ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ 4 ਮਹੀਨੇ ਪਹਿਲਾਂ ਹੀ ਨਾਬਾਲਗ ਲੜਕੇ ਸੁਖਪ੍ਰੀਤ ਸੋਖੀ ਦੇ ਪਿਤਾ ਦਾ ਦਿਹਾਂਤ ਹੋ ਚੁੱਕਾ ਹੈ ਅਤੇ ਉਸਦੀ ਮਾਤਾ ਆਪਣੀਆਂ 2 ਹੋਰ ਧੀਆਂ ਸਮੇਤ ਅਲੱਗ ਰਹਿੰਦੀ ਹੈ। ਇਕਲੌਤੇ ਪੋਤਰੇ ਦੇ ਪਾਣੀ ਵਿਚ ਰੁੜ ਜਾਣ ਕਾਰਨ ਬਜ਼ੁਰਗ ਦਾਦਾ-ਦਾਦੀ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ ਜਿਨ੍ਹਾਂ ਦੇ ਹੰਝੂ ਨਹੀਂ ਰੁਕ ਰਹੇ ਸਨ।