ਮਨਪ੍ਰੀਤ ਬਾਦਲ ਨੇ ਜੋ-ਜੋ ਤੋਂ ਜੋ ਵੀ ਕਰਵਾਇਆ ਉਸ ਦਾ ਹਿਸਾਬ ਜ਼ਰੂਰ ਲਿਆ ਜਾਵੇਗਾ : ਮੁੱਖ ਮੰਤਰੀ ਭਗਵੰਤ ਮਾਨ 

ਮੁਹਾਲੀ,  30 ਜੁਲਾਈ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੁਹਾਲੀ ਵਿਖੇ ਮੁੱਖ ਅਧਿਆਪਕਾਂ ਨੂੰ ਅਹਿਮਦਾਬਾਦ ਲਈ ਰਵਾਨਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਅਦਾਕਾਰੀ ਉਨ੍ਹਾਂ ਦਾ ਪੇਸ਼ਾ ਹੈ ਜਿਸ ਨੇ ਉਨ੍ਹਾਂ ਨੂੰ ਲੋਕਾਂ ਵਿਚ ਹਰਮਨ ਪਿਆਰਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਆਪਣੇ ਕਰੀਅਰ ਦੇ ਸਿਖ਼ਰ ਤੇ ਸੂਬੇ ਦੀ ਸੇਵਾ ਲਈ ਪੀਪੀਪੀ ਵਿਚ ਸ਼ਾਮਲ ਹੋਏ ਸਨ ਤਾਂ ਮਨਪ੍ਰੀਤ ਨੇ ਉਨ੍ਹਾਂ ਦੀ ਇੱਕ 'ਮਹਾਨ ਸ਼ਖ਼ਸੀਅਤ' ਦੇ ਤੌਰ 'ਤੇ ਪ੍ਰਸ਼ੰਸਾ ਕੀਤੀ ਸੀ, ਭਗਵੰਤ ਮਾਨ ਨੇ ਵਿਅੰਗ ਕਰਦਿਆਂ ਕਿਹਾ ਕਿ ਅੱਜ ਜਦੋਂ ਸਾਬਕਾ ਵਿੱਤ ਮੰਤਰੀ ਨੂੰ ਉਸ ਦੇ ਮੌਕਾਪ੍ਰਸਤ ਪੈਂਤੜਿਆਂ ਕਾਰਨ ਲੋਕਾਂ ਨੇ ਨਕਾਰ ਦਿੱਤਾ ਹੈ ਤਾਂ ਹੁਣ ਉਹ, ਉਨ੍ਹਾਂ ਵਿਚ ਨੁਕਸ ਕੱਢ ਰਹੇ ਹਨ। ਮੁੱਖ ਮੰਤਰੀ ਨੇ ਦੁਹਰਾਇਆ ਕਿ ਉਹ ਸਾਬਕਾ ਮੰਤਰੀ ਦੇ ਆਪਣੇ ਵਾਹਨ ਨੂੰ ਖ਼ੁਦ ਚਲਾਉਣ ਅਤੇ ਟੋਲ ਟੈਕਸ ਅਦਾ ਕਰਨ ਦੀਆਂ ਚਾਲਾਂ ਤੋਂ ਚੰਗੀ ਤਰ੍ਹਾਂ ਜਾਣੂ ਹਨ ਜਦਕਿ ਅਸਲ ਵਿਚ ਉਨ੍ਹਾਂ ਨੇ ਜਨਤਾ ਦੀ ਭਲਾਈ ਲਈ ਕੁਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਹ ਉਹ ਬੇਸ਼ਰਮ ਲੋਕ ਹਨ, ਜਿਨ੍ਹਾਂ ਨੇ ਸੂਬੇ ਦੇ ਖਜ਼ਾਨੇ ਦੀ ਅੰਨ੍ਹੇਵਾਹ ਲੁੱਟ ਕੀਤੀ ਹੈ, ਜਿਸ ਦੇ ਚਲਦਿਆਂ ਲੋਕਾਂ ਨੇ ਇਨ੍ਹਾਂ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਆਗੂਆਂ ਨੂੰ ਆਪਣੇ ਕੀਤੇ ਗਏ ਕੁਕਰਮਾਂ ਲਈ ਜਵਾਬਦੇਹ ਬਣਾਉਂਦਿਆਂ ਇਕ-ਇਕ ਪੈਸੇ ਦਾ ਹਿਸਾਬ ਲਿਆ ਜਾਵੇਗਾ। ਮੁੱਖ ਮੰਤਰੀ ਨੇ ਤੰਜ਼ ਕੱਸਦਿਆਂ ਕਿਹਾ ਕਿ ਮਨਪ੍ਰੀਤ ਬਾਦਲ ਨੇ ਜੋ-ਜੋ ਤੋਂ ਜੋ ਵੀ ਕਰਵਾਇਆ ਉਸ ਦਾ ਹਿਸਾਬ ਜ਼ਰੂਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਕਿਸੇ ਨੇ ਪੰਜਾਬ ਦੇ ਖ਼ਜ਼ਾਨੇ ਵਿਚੋਂ ਇੱਕ ਰੁਪਿਆ ਵੀ ਆਪਣੇ ਨਿੱਜੀ ਮਨਸੂਬਿਆਂ, ਮਿੱਤਰਾਂ ਅਤੇ ਚਮਚਿਆਂ ਲਈ ਵਰਤਿਆ ਹੈ ਤਾਂ ਮੈਂ ਹਰ ਇੱਕ ਦਾ ਹਿਸਾਬ ਲਵਾਂਗਾ। ਉਸ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਕਿਸੇ ਦਾ ਅੱਜ ਹੋ ਜਾਵੇਗਾ ਤੇ ਕਿਸੇ ਦਾ ਕੱਲ੍ਹ ਪਰ ਹੋਵੇਗਾ ਜ਼ਰੂਰ।