ਸਾਨੂੰ ਇੱਕ ਝੰਡੇ ਥੱਲੇ ਇੱਕਠੇ ਹੋਣ ਦੀ ਲੋੜ ਹੈ, ਕਿਉਂਕਿ ਪੰਜਾਬ 'ਚ ਦਿੱਲੀ ਤੋਂ ਆ ਕੇ ਪਾਰਟੀਆਂ ਲੁੱਟ ਖਸੁੱਟ ਰਹੀਆਂ ਹਨ : ਸੁਖਬੀਰ ਬਾਦਲ

  • ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਏ ਸਾਬਕਾ ਮੰਤਰੀ ਜਗਦੀਸ਼ ਗਰਚਾ, ਸੁਖਬੀਰ ਬਾਦਲ ਨੇ ਕੀਤਾ ਸਵਾਗਤ

ਲੁਧਿਆਣਾ, 4 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਵਲੋਂ ਰੁੱਸ ਗਏ ਲੀਡਰਾਂ ਨੂੰ ਮੁੜ ਤੋਂ ਆਪਣੇ ਨਾਲ ਜੋੜਿਆ ਜਾ ਰਿਹਾ ਹੈ। ਜਿਸ ਦੇ ਚੱਲਦੇ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਮੁੜ ਵਾਪਸੀ ਕਰਵਾਈ ਤਾਂ ਉਸ ਤੋਂ ਪਾਰਟੀ ਤੋਂ ਸਸਪੈਂਡ ਕੀਤੇ ਬੀਬੀ ਜਗੀਰ ਕੌਰ ਨੂੰ ਵੀ ਪਾਰਟੀ 'ਚ ਪਿਛਲੇ ਦਿਨੀਂ ਸ਼ਾਮਲ ਕਰਵਾਇਆ ਗਿਆ ਹੈ। ਇਸੇ ਤਹਿਤ ਅੱਜ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸਾਬਕਾ ਕੈਬਨਿਟ ਮੰਤਰੀ ਜਗਦੀਸ਼ ਗਰਚਾ ਤੇ ਉਨ੍ਹਾਂ ਦੇ ਪਰਿਵਾਰ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰਵਾਈ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਗਰਚਾ ਪਰਿਵਾਰ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਨੂੰ ਅੱਜ ਇੱਕ ਝੰਡੇ ਥੱਲੇ ਇੱਕਠੇ ਹੋਣ ਦੀ ਲੋੜ ਹੈ, ਕਿਉਂਕਿ ਪੰਜਾਬ ਦੇ ਵਿੱਚ ਦਿੱਲੀ ਤੋਂ ਪਾਰਟੀਆਂ ਆ ਕੇ ਲੁੱਟ ਖਸੁੱਟ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੀ ਆਪਣੀ ਪਾਰਟੀ ਹੈ। ਉਹਨਾਂ ਕਿਹਾ ਕਿ ਭਗਵੰਤ ਮਾਨ ਕੇਂਦਰ ਸਰਕਾਰ ਦੇ ਇਸ਼ਾਰਿਆਂ 'ਤੇ ਚੱਲ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਜਿਹੜੀ ਸ਼ਰਾਬ ਨੀਤੀ ਦੀ ਜਾਂਚ ਦਿੱਲੀ ਦੇ ਵਿੱਚ ਹੋਈ ਹੈ, ਉਹ ਹੀ ਘੁਟਾਲਾ ਪੰਜਾਬ ਦੇ ਵਿੱਚ ਵੀ ਹੋਇਆ ਹੈ। ਸ. ਬਾਦਲ ਨੇ ਰਵਨੀਤ ਬਿੱਟੂ ਦੇ 1984 ਦੇ ਬਿਆਨ 'ਤੇ ਕਿਹਾ ਕਿ ਪਹਿਲਾਂ ਕੁਝ ਬੋਲਦੇ ਸੀ, ਹੁਣ ਕੁਝ ਕਹਿ ਰਹੇ ਹਨ। ਉਥੇ ਹੀ ਉਨ੍ਹਾਂ ਕਿਹਾ ਕਿ ਜਲਦ ਹੀ ਉਮੀਦਵਾਰਾਂ ਦਾ ਐਲਾਨ ਕੀਤਾ ਜਾਵੇਗਾ।