ਨੇਤਰਹੀਣਾਂ ਦੀ ਸਰਕਾਰੀ ਸੰਸਥਾ ਜਮਾਲਪੁਰ ਵਿਖੇ ਸਿੱਖਿਆ ਵਿਭਾਗ ਦੇ ਵਲੰਟੀਅਰ ਅਤੇ ਸਪੈਸ਼ਲ ਐਜੂਕੇਟਰ ਦਿਵਿਆਂਗਜਨਾਂ ਨੂੰ ਦੇਣਗੇ ਆਪਣੀਆਂ ਸੇਵਾਵਾਂ : ਡਿਪਟੀ ਕਮਿਸ਼ਨਰ

ਲੁਧਿਆਣਾ, 16 ਜੂਨ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਹੋਇਆ ਜਿਸ ਵਿੱਚ ਨੇਤਰਹੀਣਾਂ ਦੀ ਸਰਕਾਰੀ ਸੰਸਥਾ ਜਮਾਲਪੁਰ ਵਿਖੇ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਡਿਊਟੀ ਲਗਾਉਣ ਸੰਬੰਧੀ ਵਿਚਾਰ ਵਟਾਂਦਰੇ ਕੀਤੇ ਗਏ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲੁਧਿਆਣਾ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਅਪੀਲ ਕੀਤੀ ਗਈ ਸੀ ਕਿ ਨੇਤਰਹੀਣਾਂ ਦੀ ਸਰਕਾਰੀ ਸੰਸਥਾ ਜਮਾਲਪੁਰ ਵਿਖੇ 56 ਨੇਤਰਹੀਣ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਹਨ ਜਿਨ੍ਹਾਂ ਵਿੱਚੋਂ 33 ਲੜਕੇ ਅਤੇ 23 ਲੜਕੀਆਂ ਹਨ। ਇਹ ਸੰਸਥਾ 1978 ਵਿੱਚ ਹੋਂਦ ਵਿੱਚ ਆਈ ਸੀ ਜਿਸ ਵਿੱਚ 10ਵੀਂ ਪੱਧਰ ਤੱਕ ਦੇ ਪੰਜਾਬ ਅਤੇ ਪੰਜਾਬ ਤੋਂ ਬਾਹਰਲੇ ਸੂਬਿਆਂ ਦੀ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਦੇ ਹਨ। ਇਹਨਾਂ ਵਿੱਚੋਂ 44 ਬੱਚੇ ਹੋਸਟਲ ਵਿੱਚ ਰਹਿ ਰਹੇ ਹਨ। ਪਰੰਤੂ ਹੁਣ ਗਰਮੀਆਂ ਦੀਆਂ ਛੁੱਟੀਆਂ ਹੋਣ ਕਾਰਨ ਸਕੂਲ ਬੰਦ ਹੈ ਅਤੇ ਛੁੱਟੀਆਂ ਖਤਮ ਹੋਣ ਉਪਰੰਤ ਜੁਲਾਈ ਤੋਂ ਦੁਬਾਰਾ ਕਲਾਸਾਂ ਸ਼ੁਰੂ ਹੋਣੀਆਂ ਹਨ ਪਰੰਤੂ ਇਸ ਸੰਸਥਾ ਵਿਖੇ ਸਟਾਫ ਦੀ ਬਹੁਤ ਘਾਟ ਹੈ। ਡਿਪਟੀ ਕਮਿਸ਼ਨਰ ਮਲਿਕ ਵਲੋਂ ਮੀਟਿੰਗ ਵਿੱਚ ਇਹ ਮਾਮਲਾ ਵਿਚਾਰਿਆਂ ਗਿਆ ਅਤੇ ਜਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਅਤੇ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਲੁਧਿਆਣਾ ਨੂੰ ਲਿਖਤੀ ਰੂਪ ਵਿੱਚ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ  ਨੇਤਰਹੀਣਾਂ ਦੀ ਸਰਕਾਰੀ ਸੰਸਥਾ ਜਮਾਲਪੁਰ ਵਿਖੇ ਜੁਲਾਈ ਮਹੀਨੇ ਛੁੱਟੀਆਂ ਖਤਮ ਹੋਣ ਮਗਰੋਂ ਸਪੈਸ਼ਲ ਅਧਿਆਪਕਾਂ ਦੀ ਡਿਊਟੀ ਲੱਗਾ ਕੇ ਸ਼ਡਿਊਲ ਦਫ਼ਤਰ ਡਿਪਟੀ ਕਮਿਸ਼ਨਰ ਨਾਲ ਸਾਂਝਾ ਕੀਤਾ ਜਾਵੇ ਤਾਂ ਜੋ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਵੱਧ ਤੋਂ ਵੱਧ ਨੇਤਰਹੀਣ ਦਿਵਿਆਂਗਜਨ ਵਿਦਿਆਰਥੀਆਂ ਨੂੰ ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਸਕਣ।  ਇਸ ਦੇ ਨਾਲ ਡਿਪਟੀ ਕਮਿਸ਼ਨਰ ਵਲੋਂ ਇਹ ਵੀ ਜਾਣਕਾਰੀ ਸਾਂਝੀ ਕੀਤੀ ਗਈ ਕੀ ਬਹੁਤ ਜਲਦ ਇਸ ਸਕੂਲ ਵਿੱਚ 11ਵੀਂ ਅਤੇ 12ਵੀਂ ਕਲਾਸਾਂ ਦੀ ਪੜ੍ਹਾਈ ਨੇਤਰਹੀਣ ਦਿਵਿਆਂਗਜਨ ਵਿਦਿਆਰਥੀਆਂ ਦੇ ਲਈ ਸ਼ੂਰੂ ਕਰਨ ਲਈ ਸਰਕਾਰ ਵੱਲੋਂ ਢੁੱਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਮੀਟਿੰਗ ਵਿੱਚ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲੁਧਿਆਣਾ ਸ. ਵਰਿੰਦਰ ਸਿੰਘ ਟਿਵਾਣਾ, ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸ. ਹਰਜੀਤ ਸਿੰਘ , ਜਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸ.ਬਲਦੇਵ ਸਿੰਘ, ਸਪੈਸ਼ਲ ਐਜੂਕੇਟਰ ਸ਼੍ਰੀਮਤੀ ਪਰਦੀਪ ਕੌਰ ਅਤੇ ਨੇਤਰਹੀਣਾਂ ਲਈ ਸਰਕਾਰੀ ਸੰਸਥਾ ਜਮਾਲਪੁਰ ਦੇ ਮੁੱਖ ਅਧਿਆਪਕਾਂ ਸ਼੍ਰੀਮਤੀ ਪਰਮਜੀਤ ਕੌਰ ਹਾਜ਼ਰ ਸਨ।